ਕੋਟਕਪੂਰਾ ਗੋਲੀ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਐੱਸ.ਐੱਚ.ਓ. ਪੰਧੇਰ ਵੀ ਗ੍ਰਿਫਤਾਰ

659
Share

ਫਰੀਦਕੋਟ, 29 ਜੂਨ (ਪੰਜਾਬ ਮੇਲ)- ਪੰਜ ਸਾਲ ਪਹਿਲਾਂ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਪਿੱਛੋਂ ਕੋਟਕਪੂਰਾ ‘ਚ ਸਿੱਖ ਸੰਗਤ ਧਰਨੇ ਦੇ ਦੌਰਾਨ ਹੋਏ ਗੋਲੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਥਾਣਾ ਸਿਟੀ ਕੋਟਕਪੂਰਾ ਦੇ ਉਸ ਵਕਤ ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕਰ ਲਿਆ। ਪੰਧੇਰ ਦੇ ਖਿਲਾਫ ਸਰਕਾਰੀ ਕਾਰਤੂਸ ਖੁਰਦ-ਬੁਰਦ ਕਰਨ ਅਤੇ ਸਿੱਖ ਸੰਗਤ ਨੂੰ ਝੂਠੇ ਕੇਸ ‘ਚ ਫਸਾਉਣ ਲਈ ਝੂਠੇ ਸਬੂਤ ਤੇ ਜਾਅਲੀ ਸਰਕਾਰ ਰਿਕਾਰਡ ਤਿਆਰ ਕਰਨ ਦਾ ਦੋਸ਼ ਹੈ।
ਵਰਨਣਯੋਗ ਹੈ ਕਿ ਬਰਗਾੜੀ ‘ਚ ਹੋਈ ਬੇਅਦਬੀ ਦੀ ਘਟਨਾ ਦੇ ਬਾਅਦ ਕੋਟਕਪੂਰਾ ਪੁਲਿਸ ਨੇ 14 ਅਕਤੂਬਰ 2015 ਸਵੇਰੇ ਸ਼ਾਂਤੀਪੂਰਨ ਧਰਨਾ ਦੇ ਰਹੀ ਸਿੱਖ ਸੰਗਤ ਨਾਲ ਮਾਰਕੁੱਟ ਕੀਤੀ ਅਤੇ ਗੋਲੀ ਚਲਾਈ ਸੀ। ਇਸ ਦੇ ਬਾਅਦ ਸਾਬਕਾ ਐੱਸ.ਐੱਚ.ਓ. ਪੰਧੇਰ ਦੀ ਸ਼ਿਕਾਇਤ ਉੱਤੇ ਸਿੱਖ ਸੰਗਤ ਦੇ ਖਿਲਾਫ ਹੀ ਕੇਸ ਦਰਜ ਕੀਤਾ ਗਿਆ ਸੀ। ਪੰਧੇਰ ਨੇ ਸ਼ਿਕਾਇਤ ਦਿੱਤੀ ਸੀ ਕਿ ਪੁਲਿਸ ਮੁਲਾਜ਼ਮਾਂ ਗੁਰਬਿੰਦਰ ਸਿੰਘ, ਬਲਵੰਤ ਸਿੰਘ, ਜੰਗ ਸਿੰਘ ਅਤੇ ਦੋ ਹੋਰਨਾਂ ਨੇ ਆਪਣੀ ਸੁਰੱਖਿਆ ਦੇ ਲਈ ਦੋ-ਦੋ ਫਾਇਰ ਕੀਤੇ ਸਨ, ਪਰ ਬਾਅਦ ਵਿਚ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਅਦਾਲਤ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਕੋਟਕਪੂਰਾ ਵਿਚ ਕੋਈ ਫਾਇਰਿੰਗ ਹੀ ਨਹੀਂ ਕੀਤੀ ਸੀ।
ਐੱਸ.ਆਈ.ਟੀ. ਨੇ ਅਦਾਲਤ ਨੂੰ ਦੱਸਿਆ ਕਿ ਪੰਧੇਰ ਨੇ ਦਸ ਸਰਕਾਰੀ ਕਾਰਤੂਸ ਖੁਰਦ-ਬੁਰਦ ਕੀਤੇ ਅਤੇ ਇਨ੍ਹਾਂ ਨੂੰ ਚਲਾ ਕੇ ਦਿਖਾਉਣ ਲਈ ਥਾਣੇ ਦੇ ਰਜਿਸਟਰ ਵਿਚ ਐਂਟਰੀ ਬਦਲੀ ਸੀ। ਇਸ ਬਾਰੇ ਐੱਸ.ਆਈ.ਟੀ. ਨੇ ਕੇਸ ਨੰਬਰ 192 ‘ਚ ਆਈ.ਪੀ.ਸੀ. ਦੀ ਧਾਰਾ 467, 409 (ਕੀਮਤੀ ਸਾਮਾਨ ਕਬਜ਼ੇ ਕਰਨ ਦੇ ਲਈ ਫਰਜ਼ੀ ਰਿਕਾਰਡ ਬਣਾਉਣਾ) ਜੋੜ ਕੇ ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕੀਤਾ। ਅਦਾਲਤ ‘ਚ ਐੱਸ.ਆਈ.ਟੀ. ਨੇ ਉਸ ਦਾ ਅੱਠ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ ਇੱਕ ਦਿਨ ਦਾ ਰਿਮਾਂਡ ਹੀ ਦਿੱਤਾ।


Share