ਕੋਟਕਪੂਰਾ ਗੋਲੀ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਕੋਲੋਂ ਪੁੱਛਗਿੱਛ

437
Share

– ਅਕਾਲੀਆਂ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ’ਤੇ ਚੁੱਕੀ ਉਂਗਲ
– ਪੁੱਛ-ਪੜਤਾਲ ਨੂੰ ਸਾਜ਼ਿਸ਼ ਤੇ ਸਿਆਸਤ ਦਾ ਹਿੱਸਾ ਦੱਸਿਆ
ਚੰਡੀਗੜ੍ਹ, 23 ਜੂਨ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਤਫ਼ਤੀਸ਼ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਸਿੱਟ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਸਿੱਟ ਦੀ ਸਮੁੱਚੀ ਪੁੱਛਗਿੱਛ ਦਾ ਧੁਰਾ ਕੋਟਕਪੂਰਾ ’ਚ ਫਾਇਰਿੰਗ ਦੇ ਦਿੱਤੇ ਹੁਕਮਾਂ ’ਤੇ ਰਿਹਾ। ਸਿੱਟ ਨੇ ਸਾਬਕਾ ਮੁੱਖ ਮੰਤਰੀ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਪਹਿਲਾਂ ਹੀ ਸੂਚੀਬੱਧ ਕੀਤਾ ਹੋਇਆ ਸੀ। ਸਿੱਟ ਮੈਂਬਰਾਂ ਨੇ ਸਵਾਲਾਂ ਦੀ ਝੜੀ ਲਾਈ, ਜਿਨ੍ਹਾਂ ਦੇ ਵੱਡੇ ਬਾਦਲ ਨੇ ਠਰ੍ਹੰਮੇ ਨਾਲ ਜਵਾਬ ਦਿੱਤੇ। ਉਧਰ ਅਕਾਲੀ ਦਲ ਨੇ ਪਾਰਟੀ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਤੋਂ ਕੀਤੀ ਪੁੱਛਪੜਤਾਲ ਨੂੰ ਸਾਜ਼ਿਸ਼ ਤੇ ਸਿਆਸਤ ਦਾ ਹਿੱਸਾ ਦੱਸਿਆ ਹੈ। ਵੇਰਵਿਆਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਿਚ ਇੱਥੋਂ ਦੇ ਐੱਮ.ਐੱਲ.ਏ. ਫਲੈਟਸ ਵਿਚਲੀ ਸ਼੍ਰੀ ਬਾਦਲ ਦੀ ਰਿਹਾਇਸ਼ ’ਤੇ ਪੁੱਜੀ। ਸਿੱਟ ਦੇ ਇੱਕ ਮੈਂਬਰ ਡੀ.ਆਈ.ਜੀ. ਫਰੀਦਕੋਟ ਰੇਂਜ ਸੁਰਜੀਤ ਸਿੰਘ ਟੀਮ ’ਚ ਸ਼ਾਮਲ ਨਹੀਂ ਸਨ, ਜਦੋਂਕਿ ਦੂਸਰੇ ਮੈਂਬਰ ਏ.ਡੀ.ਜੀ.ਪੀ. ਰਾਕੇਸ਼ ਅਗਰਵਾਲ ਹਾਜ਼ਰ ਸਨ। ਪੁੱਛਗਿੱਛ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਬਾਬਤ ਤਿੱਖੇ ਸਵਾਲ ਪੁੱਛੇ। ਜਦੋਂ ਪੁੱਛਗਿੱਛ ਖਤਮ ਹੋਈ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਪੜਤਾਲ ਨੂੰ ਸਾਜ਼ਿਸ਼ ਅਤੇ ਸਿਆਸਤ ਦਾ ਹਿੱਸਾ ਦੱਸਿਆ। ਉਂਜ ਇਹ ਕਨਸੋਅ ਨਹੀਂ ਮਿਲ ਸਕੀ ਕਿ ‘ਸਿੱਟ’ ਨੇ ਆਪਣੀ ਪੁੱਛਗਿੱਛ ਮੁਕੰਮਲ ਕਰ ਲਈ ਹੈ ਜਾਂ ਮੁੜ ਵੱਡੇ ਬਾਦਲ ਨੂੰ ਸੱਦਿਆ ਜਾ ਸਕਦਾ ਹੈ। ਚੇਤੇ ਰਹੇ ਕਿ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਮੁਹਾਲੀ ਦੇ ਗੈਸਟ ਹਾਊਸ ’ਚ 16 ਜੂਨ ਨੂੰ ਪੁੱਛਗਿੱਛ ਲਈ ਸੱਦਿਆ ਸੀ, ਪ੍ਰੰਤੂ ਵੱਡੇ ਬਾਦਲ ਨੇ ਸਿਹਤ ਨਾਸਾਜ਼ ਹੋਣ ਦਾ ਤਰਕ ਰੱਖਿਆ ਸੀ। ਦੋ ਦਿਨ ਪਹਿਲਾਂ ਵੱਡੇ ਬਾਦਲ ਨੇ ‘ਸਿੱਟ’ ਦੀ ਜਾਂਚ ਵਿਚ ਸ਼ਾਮਲ ਹੋਣ ਬਾਰੇ ਇੱਛਾ ਪ੍ਰਗਟਾਈ ਸੀ। ਜਾਂਚ ਟੀਮ ਨੇ ਮੀਡੀਆ ਨਾਲ ਗੱਲਬਾਤ ਤੋਂ ਕਿਨਾਰਾ ਕੀਤਾ, ਜਦੋਂ ਕਿ ਅਕਾਲੀ ਆਗੂਆਂ ਨੇ ਇਸ ਮੌਕੇ ਕੈਪਟਨ ਸਰਕਾਰ ਨੂੰ ਜੰਮ ਕੇ ਰਗੜੇ ਲਾਏ।¿;
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਕਰਨ ਮੌਕੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਟੀਮ ’ਚ ਸ਼ਾਮਲ ਕਰਕੇ ਮਾਮਲੇ ਦਾ ਰਾਜਸੀਕਰਨ ਕਰ ਦਿੱਤਾ ਹੈ ਅਤੇ ‘ਸਿੱਟ’ ਦੇ ਮੈਂਬਰ ਡੀ.ਆਈ.ਜੀ. ਸੁਰਜੀਤ ਸਿੰਘ ਨੂੰ ਟੀਮ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਸਿੱਟ’ ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐੱਸ. ਚਹਿਲ ਸਮੇਤ ਉਨ੍ਹਾਂ ਦੀ ਕਿਚਨ ਕੈਬਨਿਟ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਦੀ ਥਾਂ ਮੌਕੇ ਦੇ ਐੱਸ.ਡੀ.ਐੱਮ. ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ‘ਸਿੱਟ’ ਦਾ ਮੁਖੀ ਲਾਉਣ ਲਈ ਐੱਲ.ਕੇ. ਯਾਦਵ ਨੂੰ ਰਾਤੋ-ਰਾਤ ਏ.ਡੀ.ਜੀ.ਪੀ. ਬਣਾਇਆ। ਉਨ੍ਹਾਂ ਨਵੀਂ ਬਣਾਈ ‘ਸਿੱਟ’ ਉੱਤੇ ਵੀ ਉਂਗਲ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਵਿਚਲੇ ਅੰਦਰੂਨੀ ਕਲੇਸ਼ ਕਰਕੇ ਆਪਣੀ ਕੁਰਸੀ ਬਚਾਉਣ ਖਾਤਰ ਇਹ ਸਿਆਸੀ ਡਰਾਮਾ ਖੇਡ ਰਹੇ ਹਨ।

Share