ਕੋਟਕਪੂਰਾ ਗੋਲੀਕਾਂਡ : 22 ਜੂਨ ਨੂੰ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ ਵੱਡੇ ਬਾਦਲ

97
Share

ਚੰਡੀਗੜ੍ਹ, 21 ਜੂਨ (ਪੰਜਾਬ ਮੇਲ)- ਪੰਜਾਬ ਦੇ ਬਹੁਚਰਚਿਤ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਸਾਹਮਣੇ ਪੇਸ਼ ਹੋਣਗੇ। ਇਸ ਗੱਲ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਟਵੀਟ ਰਾਹੀਂ ਮੀਡੀਆ ਨੂੰ ਦਿੱਤੀ।
ਇੱਕ ਟਵੀਟ ਰਾਹੀਂ ਉਨ੍ਹਾਂ ਨੇ ਕਿਹਾ ਕਿ ਵੱਡੇ ਬਾਦਲ ਆਪਣੇ ਅਧਿਕਾਰਕ ਵਿਧਾਇਕ ਨਿਵਾਸ ਵਿਚ ਹੀ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 22 ਜੂਨ ਨੂੰ ਸਵੇਰੇ ਸਾਢੇ 10 ਵਜੇ ਚੰਡੀਗੜ੍ਹ ਦੇ ਸੈਕਟਰ-4 ਵਿਚ ਆਪਣੇ ਸਰਕਾਰੀ ਐੱਮ.ਐੱਲ.ਏ. ਫਲੈਟ ਵਿਚ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣਗੇ।
ਉਨ੍ਹਾਂ ਦੀ ਸਿਹਤ ਹੁਣ ਤੱਕ ਠੀਕ ਨਹੀਂ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਕਾਨੂੰਨ ਵਿਚ ਭਰੋਸਾ ਰੱਖਦੇ ਹਨ ਅਤੇ ਆਪਣੇ ਜ਼ਿੰਮੇਦਾਰੀ ਤੇ ਸੰਵਿਧਾਨਕ ਕਰਤੱਬਾਂ ਦਾ ਪਾਲਣ ਕਰਨ ਲਈ ਵਚਨਬੱਧ ਹਨ।
ਦੱਸ ਦੇਈਏ ਕਿ ਅਕਤੂਬਰ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਕੋਟਕਪੂਰਾ ਵਿਚ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ। ਇਸ ਮਾਮਲੇ ਵਿਚ ਐੱਸ.ਆਈ.ਟੀ. ਇਹ ਪਤਾ ਲਗਾਏਗੀ ਕਿ ਗੋਲੀ ਕਿਸ ਦੇ ਹੁਕਮ ’ਤੇ ਚਲਾਈ ਗਈ ਸੀ।

Share