ਕੋਟਕਪੂਰਾ ਗੋਲੀਕਾਂਡ: ਫ਼ੈਸਲੇ ’ਤੇ ਸੁਪਰੀਮ ਕੋਰਟ ਵਲੋਂ ਨੋਟਿਸ ਜਾਰੀ

272
Share

ਚੰਡੀਗੜ੍ਹ, 9 ਨਵੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਜਸਟਿਸ ਇੰਦਰ ਬੈਨਰਜੀ ਅਤੇ ਜਸਟਿਸ ਜੇ.ਕਿ ਮਹੇਸ਼ਵਰੀ ’ਤੇ ਆਧਾਰਿਤ ਬੈਂਚ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਨੂੰ ਰੱਦ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਬੰਧੀ ਕੀਤੀਆਂ ਸਖ਼ਤ ਟਿੱਪਣੀਆਂ ਜਿਨ੍ਹਾਂ ’ਚ ਸ. ਬਾਦਲ ਤੇ ਸੁਖਬੀਰ ਨੂੰ ਇਸ ਕੇਸ ਵਿਚ ਸਿਆਸੀ ਕਾਰਨਾਂ ਕਰਕੇ ਘਸੀਟਣ ਅਤੇ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਹਾਈਕੋਰਟ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ, ’ਤੇ ਸੁਣਵਾਈ ਕਰਦਿਆਂ ਚਾਰ ਹਫ਼ਤੇ ਦਾ ਨੋਟਿਸ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਸੀਨੀਅਰ ਵਕੀਲ ਸਲਮਾਨ ਖ਼ੁਰਸ਼ੀਦ (ਸਾਬਕਾ ਕੇਂਦਰੀ ਮੰਤਰੀ) ਪੇਸ਼ ਹੋਏ, ਜਿਨ੍ਹਾਂ ਦਾ ਕਹਿਣਾ ਸੀ ਕਿ ਹਾਈਕੋਰਟ ਵਲੋਂ ਉਨ੍ਹਾਂ ਮੁੱਦਿਆਂ ਤੇ ਵਿਅਕਤੀਆਂ ਸਬੰਧੀ ਵੀ ਆਪਣੇ ਫ਼ੈਸਲੇ ਵਿਚ ਆਦੇਸ਼ ’ਤੇ ਟਿੱਪਣੀਆਂ ਕੀਤੀਆਂ ਗਈਆਂ ਹਨ, ਜੋ ਪਟੀਸ਼ਨ ਦਾ ਹਿੱਸਾ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣਾਈ ਗਈ ਨਵੀਂ ਸਿੱਟ ਲਈ ਹਾਈਕੋਰਟ ਦਾ ਫ਼ੈਸਲਾ ਅੜਚਣ ਬਣ ਗਿਆ ਹੈ, ਕਿਉਂਕਿ ਬਾਦਲਾਂ ਸਬੰਧੀ ਫ਼ੈਸਲੇ ਵਿਚਲੀਆਂ ਟਿੱਪਣੀਆਂ ਕਾਰਨ ਸਿੱਟ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜੋ ਗ੍ਰਹਿ ਵਿਭਾਗ ਦੇ ਮੁਖੀ ਵੀ ਸਨ, ਤੋਂ ਨਾ ਪੁੱਛਗਿੱਛ ਕਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਿਲ ਕਰ ਸਕਦੀ ਹੈ। ਹਾਲਾਂਕਿ ਇਸ ਘਟਨਾ ਲਈ ਸਿੱਧੇ ਤੌਰ ’ਤੇ ਮੌਕੇ ਦੀ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਸੀ। ਉਨ੍ਹਾਂ ਸੁਪਰੀਮ ਕੋਰਟ ਤੋਂ ਫ਼ੈਸਲੇ ਵਿਚਲੀਆਂ ਅਜਿਹੀਆਂ ਸਾਰੀਆਂ ਟਿੱਪਣੀਆਂ ਰੱਦ ਕਰਨ ਦੀ ਮੰਗ ਕੀਤੀ, ਜੋ ਪਟੀਸ਼ਨ ਦਾ ਹਿੱਸਾ ਨਹੀਂ ਸੀ। ਸੁਪਰੀਮ ਕੋਰਟ ਦੇ ਬੈਂਚ ਵਲੋਂ ਗੁਰਦੀਪ ਸਿੰਘ ਐੱਸ.ਪੀ. ਅਤੇ ਉਨ੍ਹਾਂ ਦੇ ਸਾਥੀ ਪੁਲਿਸ ਅਧਿਕਾਰੀ ਜੋ ਹਾਈਕੋਰਟ ਦੇ ਕੇਸ ’ਚ ਪਟੀਸ਼ਨਰ ਸਨ, ਨੂੰ ਚਾਰ ਹਫ਼ਤਿਆਂ ਦਾ ਨੋਟਿਸ ਜਾਰੀ ਕਰ ਦਿੱਤਾ।

Share