ਕੋਟਕਪੂਰਾ ਗੋਲੀਕਾਂਡ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਰਾਹਤ

502
Share

-ਸੁਮੇਧ ਸੈਣੀ ਦੀ ਗਿ੍ਰਫ਼ਤਾਰੀ ਲਈ ਹਫਤਾ ਪਹਿਲਾਂ ਦੇਣਾ ਹੋਵੇਗਾ ਨੋਟਿਸ
ਚੰਡੀਗੜ੍ਹ, 4 ਅਗਸਤ (ਪੰਜਾਬ ਮੇਲ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਤਿੰਨ ਸਾਲ ਪਹਿਲਾਂ ਦਰਜ ਕੀਤੇ ਕੇਸ ’ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਪਟੀਸ਼ਨ ’ਚ ਸਰਕਾਰ/ਜਾਂਚ ਏਜੰਸੀ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਇਸ ਕੇਸ ’ਚ ਸੈਣੀ ਦੀ ਗਿ੍ਰਫ਼ਤਾਰੀ ਲੋੜੀਂਦੀ ਹੈ, ਤਾਂ ਉਸ ਨੂੰ ਹਫ਼ਤਾ ਪਹਿਲਾਂ ਨੋਟਿਸ ਦਿੱਤਾ ਜਾਵੇ, ਤਾਂ ਜੋ ਉਹ (ਸੈਣੀ) ਆਪਣੇ ਕੋਲ ਹੋਣ ਵਾਲੇ ਉਪਾਇਆਂ ਦੀ ਵਰਤੋਂ ਕਰ ਸਕੇ। ਜਸਟਿਸ ਅਵਨੀਸ਼ ਝਿੰਗਣ ਦੇ ਬੈਂਚ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਸੈਣੀ ਨੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਉਂਦੇ ਹੋਏ ਮਾਮਲੇ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਸਬੰਧਿਤ ਕੇਸ ’ਚ ਹੱਤਿਆ ਦੇ ਯਤਨ, ਸਬੂਤਾਂ ਨਾਲ ਛੇੜਖ਼ਾਨੀ, ਅਪਰਾਧਿਕ ਸਾਜਿਸ਼ ਰਚਣ ਅਤੇ ਹੋਰ ਕਈ ਧਾਰਾਵਾਂ ਸਮੇਤ ਆਰਮਜ਼ ਐਕਟ ਦੀਆਂ ਵੀ ਧਾਰਾਵਾਂ ਲਗਾਈਆਂ ਗਈਆਂ ਸਨ। ਬੈਂਚ ਨੇ ਕਿਹਾ ਕਿ ਕੇਸ ਦੇ ਤੱਥਾਂ ਆਧਾਰਿਤ ਪਿਛੋਕੜ ਨੂੰ ਨਜ਼ਰਅੰਦਾਜ਼ ਕਰਨਾ ਉਚਿਤ ਨਹੀਂ ਹੋਵੇਗਾ। ਪਟੀਸ਼ਨਰ ਨੇ ਰਾਜ ਨੂੰ ਆਈ.ਪੀ.ਐੱਸ. ਅਫ਼ਸਰ ਦੇ ਤੌਰ ’ਤੇ ਸੇਵਾਵਾਂ ਦਿੱਤੀਆਂ ਹਨ। ਇਸ ਅਦਾਲਤ ਨੇ ਇਕ ਹੋਰ ਮਾਮਲੇ 11 ਅਕਤੂਬਰ, 2018 ਦੇ ਆਦੇਸ਼ ’ਚ ਕਈ ਪੱਖਾਂ ’ਤੇ ਵਿਚਾਰ ਕੀਤਾ ਸੀ, ਜਿਨ੍ਹਾਂ ਵਿਚ ਸਿਆਸੀ ਰੰਗ ਵੀ ਸ਼ਾਮਿਲ ਸੀ। ਉਨ੍ਹਾਂ ਆਦੇਸ਼ਾਂ ’ਚ ਪਟੀਸ਼ਨਰ ਨੂੰ ਸੁਰੱਖਿਆ ਦਿੰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਪਟੀਸ਼ਨਰ ਨੂੰ ਗਿ੍ਰਫ਼ਤਾਰ ਕਰਨਾ ਹੋਵੇ, ਤਾਂ ਉਸ ਨੂੰ 7 ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਇਸ ਨੂੰ ਦੇਖਦੇ ਹੋਏ ਬੈਂਚ ਨੇ ਕੋਟਕਪੂਰਾ ਗੋਲੀਕਾਂਡ ਕੇਸ ’ਚ ਸੈਣੀ ਨੂੰ ਰਾਹਤ ਦਿੰਦਿਆਂ ਉਸ ਦੀ ਗਿ੍ਰਫ਼ਤਾਰੀ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣ ਦੇ ਆਦੇਸ਼ ਜਾਰੀ ਕਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

Share