ਕੋਟਕਪੂਰਾ ਗੋਲੀਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਮੇਧ ਸੈਣੀ ਤੋਂ ਚਾਰ ਘੰਟੇ ਪੁੱਛ ਪੜਤਾਲ

102
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਕੋਲੋਂ ਪੁੱਛਗਿਛ ਕਰਦੀ ਹੋਈ ਵਿਸ਼ੇਸ਼ ਜਾਂਚ ਟੀਮ।
Share

ਚੰਡੀਗੜ੍ਹ, 1 ਜੂਨ (ਪੰਜਾਬ ਮੇਲ)- ਗੋਲੀ ਕਾਂਡ ਮਾਮਲੇ ’ਚ ਪੰਜਾਬ ਸਰਕਾਰ ਵਲੋਂ ਬਣਾਈ ਨਵੀਂ ਐਸ.ਆਈ.ਟੀ. ਅੱਗੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਪੇਸ਼ ਹੋਏ। ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ’ਚ ਸੈਣੀ ਤੋਂ ਪੁੱਛਗਿੱਛ ਕੀਤੀ ਗਈ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ.ਆਈ.ਟੀ. ਵਲੋਂ ਸਵੇਰੇ 11 ਵਜੇ ਪੁੱਛਗਿੱਛ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਸ਼ਾਮ 7 ਵਜੇ ਤੱਕ ਚੱਲਿਆ, ਜਿੱਥੇ ਸੁਮੇਧ ਸੈਣੀ ਤੋਂ ਐੱਸ.ਆਈ.ਟੀ. ਵਲੋਂ 4 ਘੰਟੇ ਪੁੱਛਗਿੱਛ ਕੀਤੀ ਗਈ, ਉੱਥੇ 11 ਵਜੇ ਤੋਂ 2 ਵਜੇ ਤੱਕ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਵੀ ਪੁੱਛਗਿੱਛ ਕੀਤੀ ਦੱਸੀ ਜਾ ਰਹੀ ਹੈ। ਇਸੇ ਦੌਰਾਨ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਸੀ, ਜੋ ਪੇਸ਼ ਤਾਂ ਹੋਏ ਪਰ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਸਕੀ ਕਿਉਂਕਿ ਐੱਸ.ਆਈ.ਟੀ. ਕੋਲ ਸਮੇਂ ਦੀ ਘਾਟ ਸੀ। ਇਸ ਲਈ ਉਮਰਾਨੰਗਲ ਨੂੰ ਆਉਂਦੇ ਸੋਮਵਾਰ ਨੂੰ ਫਿਰ ਪੇਸ਼ ਹੋਣ ਲਈ ਸਮਾਂ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਨੂੰ ਪੇਸ਼ ਹੋਣ ਲਈ ਪਹਿਲਾਂ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਚੱਲਦੇ ਉਹ ‘ਸਿੱਟ’ ਅੱਗੇ ਪੇਸ਼ ਹੋਏ। ਸੂਤਰ ਦੱਸਦੇ ਹਨ ਕਿ ‘ਸਿੱਟ’ ਨੇ ਸੈਣੀ ਤੋਂ ਪੁੱਛਿਆ ਕਿ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਇਸ ਦੇ ਇਲਾਵਾ ‘ਸਿੱਟ’ ਨੇ ਇਸ ਦੌਰਾਨ ਇਹ ਜਾਣਕਾਰੀ ਵੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਕਿ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ ਅਤੇ ਸੁਮੇਧ ਸੈਣੀ ਨਾਲ ਉਸ ਵੇਲੇ ਮੋਬਾਈਲ ’ਤੇ ਕਿਹੜੇ-ਕਿਹੜੇ ਲੋਕ ਸੰਪਰਕ ’ਚ ਸਨ। ਸੂਤਰ ਦੱਸਦੇ ਹਨ ਕਿ ਐੱਸ.ਆਈ.ਟੀ. ਵਲੋਂ ਪੁੱਛਗਿੱਛ ਦੌਰਾਨ ਸਖ਼ਤ ਰਵੱਈਆ ਅਪਣਾਇਆ ਗਿਆ, ਤਾਂ ਕਿ ਇਸ ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਦਾ ਹੱਲ ਨਿਕਲ ਸਕੇ ਅਤੇ ਸੱਚਾਈ ਤੋਂ ਪਰਦਾ ਚੁੱਕਿਆ ਜਾ ਸਕੇ।

Share