ਕੋਟਕਪੂਰਾ ਗੋਲੀਕਾਂਡ: ਵਿਸ਼ੇਸ਼ ਜਾਂਚ ਟੀਮ ਵਲੋਂ ਸੁਖਬੀਰ ਬਾਦਲ 14 ਸਤੰਬਰ ਨੂੰ ਮੁੜ ਤਲਬ

68
Share

ਚੰਡੀਗੜ੍ਹ, 31 ਅਗਸਤ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਏ.ਡੀ.ਜੀ.ਪੀ. ਐੱਲ.ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ ਪੇਸ਼ ਨਹੀਂ ਹੋਏ। ਦੱਸਣਯੋਗ ਹੈ ਕਿ ਸਿਟ ਨੇ ਸੁਖਬੀਰ ਨੂੰ ਸੰਮਨ ਭੇਜ ਕੇ 30 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਸੀ। ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਦੀ ਅਦਾਲਤ ’ਚ ਪੇਸ਼ ਹੋਣਾ ਸੀ। ਇਸ ਕਾਰਨ ਉਨ੍ਹਾਂ ਨੇ ਸਿਟ ਨੂੰ ਲਿਖ ਕੇ ਭੇਜਿਆ ਕਿ ਉਹ ਅੱਜ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਨੇ ਸਿਟ ਤੋਂ ਪੇਸ਼ ਹੋਣ ਲਈ ਹੋਰ ਸਮਾਂ ਵੀ ਮੰਗਿਆ, ਜਿਸ ਦੇ ਬਾਅਦ ਸਿਟ ਨੇ ਸੁਖਬੀਰ ਸਿੰਘ ਬਾਦਲ ਨੂੰ ਨਵਾਂ ਸੰਮਨ ਜਾਰੀ ਕਰਦਿਆਂ 14 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਹਾਲਾਂਕਿ ਸਿਟ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਸੰਮਨ ਭੇਜੇ ਗਏ ਸਨ ਪਰ ਦੋਵੇਂ ਵਾਰ ਸੰਮਨ ਸਵੀਕਾਰ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ ਸਿਟ ਨੇ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ 14 ਅਕਤੂਬਰ 2015 ਨੂੰ ਕੋਟਕਪੂਰਾ ਵਿਖੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕਰਨ ਦਾ ਕਾਰਨ ਕੀ ਸੀ। ਸੈਣੀ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਉਸ ਨੂੰ ਭੀੜ ’ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ। ਸੈਣੀ ਤੋਂ ਇਹ ਸਵਾਲ ਵੀ ਕੀਤਾ ਗਿਆ ਸੀ ਕਿ ਮੁਅੱਤਲ ਕੀਤੇ ਆਈ.ਜੀ. ਪਰਮਜੀਤ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਵਿਖੇ ਕਿਉਂ ਤਾਇਨਾਤ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੀ ਤਾਇਨਾਤੀ ਲੁਧਿਆਣਾ ’ਚ ਸੀ।

Share