ਕੋਟਕਪੂਰਾ ਗੋਲੀਕਾਂਡ: ਐੱਸ.ਆਈ.ਟੀ. ਵੱਲੋਂ ਸੁਖਬੀਰ ਬਾਦਲ ਨੂੰ 26 ਜੂਨ ਹਾਜ਼ਰ ਹੋਣ ਲਈ ਨੋਟਿਸ ਜਾਰੀ

109
Share

ਚੰਡੀਗੜ੍ਹ, 24 ਜੂਨ (ਪੰਜਾਬ ਮੇਲ)- ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਜਾਂਚ ਲਈ ਐਡੀਸ਼ਨਲ ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ 26 ਜੂਨ ਨੂੰ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਜੋ 14 ਅਕਤੂਬਰ, 2015 ਨੂੰ ਵਾਪਰੀ ਘਟਨਾ ਮੌਕੇ ਰਾਜ ਦੇ ਗ੍ਰਹਿ ਮੰਤਰੀ ਸਨ, ਪਰ ਇਸ ਘਟਨਾ ਮੌਕੇ ਉਹ ਛੁੱਟੀ ’ਤੇ ਬਾਹਰ ਗਏ ਹੋਏ ਸਨ। ਮਗਰਲੀ ਵਿਸ਼ੇਸ਼ ਜਾਂਚ ਟੀਮ ਵਲੋਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਨਾਲ ਗੱਲਬਾਤ ਹੋਣ ਸਬੰਧੀ ਕੋਈ ਟੈਲੀਫ਼ੋਨ ਦਾ ਰਿਕਾਰਡ ਵੀ ਨਹੀਂ ਲੱਭਿਆ ਜਾ ਸਕਿਆ ਸੀ। ਸੁਖਬੀਰ ਸਿੰਘ ਬਾਦਲ ਨੇ ਮਗਰਲੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਵੀ ਇਹ ਬਿਆਨ ਦਿੱਤੇ ਸਨ ਕਿ ਉਕਤ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਕੁਝ ਦਿਨ ਬਾਅਦ ਮਿਲੀ, ਕਿਉਂਕਿ ਘਟਨਾ ਮੌਕੇ ਉਹ ਟੈਲੀਫ਼ੋਨ ਦੇ ਸੰਪਰਕ ’ਚ ਨਹੀਂ ਸਨ। ਸੂਚਨਾ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਸੈਕਟਰ 32 ਸਥਿਤ ਪੰਜਾਬ ਪੁਲਿਸ ਦੀ ਜੀ.ਓ.ਮੈਸ ਅਤੇ ਇੰਸਟੀਚਿਊਟ ਦੀ ਇਮਾਰਤ ਵਿਖੇ 26 ਜੂਨ ਨੂੰ ਸਵੇਰੇ 11 ਵਜੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਧਾਰਾ 160 ਅਧੀਨ ਸੰਮਨ ਜਾਰੀ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਉਸ ਦਿਨ ਪੁੱਛਗਿੱਛ ਲਈ ਹਾਜ਼ਰ ਹੋਣਗੇ। ਵਰਨਣਯੋਗ ਹੈ ਕਿ ਕੋਟਕਪੂਰਾ ਮਾਮਲੇ ’ਚ ਕਾਰਵਾਈ ਨਾ ਕਰਨ ਦੇ ਦੋਸ਼ਾਂ ’ਚ ਘਿਰੀ ਕੈਪਟਨ ਸਰਕਾਰ ਵਲੋਂ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਦੇਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਹੁਕਮਾਂ ਵਿਚ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਰਿਪੋਰਟ 6 ਮਹੀਨੇ ਵਿਚ ਦੇਣ ਦਾ ਸਮਾਂ ਦਿੱਤਾ ਗਿਆ ਸੀ।

Share