ਕੈਲੀਫੋਰਨੀਆ: 13 ਅਮਰੀਕੀ ਫੌਜੀਆਂ ਦੇ ਸਨਮਾਨ ਵਿੱਚ ਲਗਾਏ ਝੰਡਿਆਂ ਨੂੰ ਪਾੜਿਆ

256
Share

ਫਰਿਜ਼ਨੋ (ਕੈਲੀਫੋਰਨੀਆ), 9 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ ਪੰਜਾਬ ਮੇਲ)- ਅਫਗਾਨਿਸਤਾਨ  ਕਾਬੁਲ ਹਵਾਈ ਅੱਡੇ ‘ਤੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸਰਵਿਸ ਮੈਂਬਰਾਂ ਦੇ ਸਨਮਾਨ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਰਿਵਰਸਾਈਡ ਵਿੱਚ ਬਣਾਈ ਗਈ ਇੱਕ ਯਾਦਗਾਰ ਨਾਲ ਛੇੜਛਾੜ ਕੀਤੀ ਗਈ ਹੈ। ਰਿਵਰਸਾਈਡ ਪੁਲਿਸ ਵਿਭਾਗ ਦੇ ਅਨੁਸਾਰ, ਇਸ ਯਾਦਗਾਰ ਵਿੱਚ 13 ਅਮਰੀਕੀ ਝੰਡੇ ਅਤੇ ਇੱਕ ਮਰੀਨ ਕੋਰ ਦਾ ਝੰਡਾ ਸ਼ਾਮਲ ਹੈ। ਇਹਨਾਂ ਝੰਡਿਆਂ ਨੂੰ ਹਾਲ ਹੀ ਵਿੱਚ 91 ਫ੍ਰੀਵੇਅ ਦੇ ਉੱਪਰ, ਆਈ ਵੀ ਸਟ੍ਰੀਟ ਓਵਰਪਾਸ ਦੀ ਵਾੜ ਉੱਤੇ ਸੈਨਿਕਾਂ ਦੇ ਸਨਮਾਨ ਲਈ ਲਗਾਇਆ ਗਿਆ ਸੀ।  ਪੁਲਿਸ ਵਿਭਾਗ ਦੇ ਅਨੁਸਾਰ ਇਸ ਯਾਦਗਾਰੀ ਸਮਾਰਕ ‘ਤੇ ਕਈ ਝੰਡੇ ਫਟੇ ਹੋਏ ਸਨ । ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਝੰਡੇ ਕਦੋਂ ਨੁਕਸਾਨੇ ਗਏ ਸਨ, ਪਰ ਇੱਕ ਨਾਗਰਿਕ ਨੇ ਸੋਮਵਾਰ ਨੂੰ ਪੁਲਿਸ ਨੂੰ ਇਸ ਨੁਕਸਾਨ ਦੀ ਰਿਪੋਰਟ ਦਿੱਤੀ ਸੀ। ਪੁਲਿਸ ਅਨੁਸਾਰ ਇਹ ਨੁਕਸਾਨ ਜਾਣਬੁੱਝ ਕੇ ਕੀਤਾ ਗਿਆ ਹੈ। ਇਹਨਾਂ ਪਾਟੇ ਹੋਏ ਝੰਡਿਆਂ ਦਾ ਸਥਾਨਕ ਬੁਆਏ ਸਕਾਉਟਸ ਗਰੁੱਪ  ਦੁਆਰਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਤਰ੍ਹਾਂ ਝੰਡਿਆਂ ਦੀ ਬੇਅਦਬੀ ਕਰਨ ਵਾਲਿਆਂ ਦੀ ਜਾਣਕਾਰੀ ਲਈ ਪੁਲਿਸ ਵਿਭਾਗ ਵੱਲੋਂ ਜਨਤਾ ਨੂੰ ਮੱਦਦ ਲਈ ਅਪੀਲ ਕੀਤੀ ਗਈ ਹੈ।

Share