ਕੈਲੀਫੋਰਨੀਆ ਸੈਨੇਟ ਸੀਟ ਲਈ ਰੋਅ ਖੰਨਾ ਮਜ਼ਬੂਤ ਦਾਅਵੇਦਾਰ

630

-2016 ‘ਚ ਕਮਲਾ ਹੈਰਿਸ ਚੁਣੀ ਗਈ ਸੀ ਕੈਲੀਫੋਰਨੀਆ ਤੋਂ ਸੈਨੇਟਰ
ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਜਨਵਰੀ 2021 ‘ਚ ਅਹੁਦਾ ਸੰਭਾਲਣ ਮਗਰੋਂ ਖਾਲੀ ਹੋਣ ਵਾਲੀ ਕੈਲੀਫੋਰਨੀਆ ਦੀ ਸੈਨੇਟ ਸੀਟ ਲਈ ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ, ਜੋ ਹਾਲੀਆ ਚੋਣਾਂ ਦੌਰਾਨ ਸਿਲੀਕਾਨ ਵੈੱਲੀ ਤੋਂ ਲਗਾਤਾਰ ਤੀਜੀ ਵਾਰ ਜੇਤੂ ਰਹੇ, ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਕਮਲਾ ਹੈਰਿਸ (56) ਸਾਲ 2016 ‘ਚ ਕੈਲੀਫੋਰਨੀਆ ਤੋਂ ਸੈਨੇਟਰ ਚੁਣੀ ਗਈ ਸੀ।
ਕੈਲੀਫੋਰਨੀਆ ਦੇ ਕਾਨੂੰਨ ਮੁਤਾਬਕ ਗਵਰਨਰ ਗੇਵਿਨ ਨਿਊਸਮ ਸੈਨੇਟ ਸੀਟ ਦੇ ਬਚਦੇ ਦੋ ਸਾਲਾਂ ਦੇ ਕਾਰਜਕਾਲ ਲਈ ਚੋਣ ਕਰਨਗੇ। ਖਬਰਾਂ ਅਨੁਸਾਰ ਉਹ ਖੰਨਾ (44) ਸਣੇ ਕਈ ਹੋਰ ਨਾਵਾਂ ‘ਤੇ ਵਿਚਾਰ ਕਰ ਰਹੇ ਹਨ। ਇਸ ਬਾਰੇ ਰੋਅ ਖੰਨਾ ਨੇ ਕਿਹਾ, ”ਮੈਂ, ਸੂਚੀ ਵਿਚ ਨਾਂ ਸ਼ਾਮਲ ਹੋਣ ਤੋਂ ਬਹੁਤ ਖ਼ੁਸ਼ ਹਾਂ, ਪਰ ਨਾਲ ਹੀ ਮੈਂ ਅਹਿਮ ਖੇਤਰ ‘ਸਿਲੀਕਾਨ ਵੈੱਲੀ’ ਦੀ ਨੁਮਾਇੰਦਗੀ ਵੀ ਕਰਨੀ ਚਾਹਾਂਗਾ। ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਮੈਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹਾਂ, ਜਿੱਥੇ ਵੀ ਮੇਰੀ ਵੱਧ ਲੋੜ ਹੋਵੇ।”