ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵੱਲੋਂ ਮਹਾਤਮਾ ਗਾਂਧੀ ਦੀ ਮੂਰਤੀ ਹਟਾਉਣ ਤੋਂ ਇਨਕਾਰ

660
Share

ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਬਲੈਕ ਲਾਈਵਜ਼ ਮੈਟਰ ਅੰਦੋਲਨ ਦੇ ਸਮਰਥਨ ‘ਚ ਮਹਾਤਮਾ ਗਾਂਧੀ ਦੀ ਮੂਰਤੀ ਹਟਾਉਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਬੀਤੀ 25 ਮਈ ਨੂੰ ਪੁਲਿਸ ਹਿਰਾਸਤ ‘ਚ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਭਾਰਤੀ ਮੂਲ ਦੇ ਇਕ ਵਿਦਿਆਰਥੀ ਅਖਨੂਰ ਸਿੱਧੂ ਨੇ ਆਨਲਾਈਨ ਅਰਜ਼ੀ ਜ਼ਰੀਏ ਇਹ ਮੰਗ ਰੱਖੀ ਸੀ। ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ‘ਚ ਗੁੱਸੇ ਦੀ ਲਹਿਰ ਦੌੜ ਗਈ ਸੀ ਤੇ ਕਈ ਥਾਵਾਂ ‘ਤੇ ਵਿਰੋਧ ਮੁਜ਼ਾਹਰੇ ਨੇ ਹਿੰਸਕ ਰੂਪ ਲੈ ਲਿਆ ਸੀ। ਮੁਜ਼ਾਹਰਾਕਾਰੀਆਂ ਨੇ ਕਈ ਸ਼ਹਿਰਾਂ ‘ਚ ਰਾਸ਼ਟਰੀ ਯਾਦਗਾਰਾਂ ਤੇ ਇਤਿਹਾਸਕ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ‘ਚ ਵਾਸ਼ਿੰਗਟਨ ਡੀਸੀ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਵੀ ਸੀ।
ਯੂਨੀਵਰਸਿਟੀ ਪ੍ਰੈਜ਼ੀਡੈਂਟ ਜੋਸਫ਼ ਕੈਸਟਰੋ ਨੇ ਇਕ ਬਿਆਨ ‘ਚ ਕਿਹਾ ਕਿ ਫਰੈਸਨੋ ਸ਼ਾਂਤੀ ਬਾਗ਼ ਸਥਿਤ ਮਹਾਤਮਾ ਗਾਂਧੀ, ਮਾਰਟਿਨ ਲੂਥਰ ਕਿੰਗ, ਸੀਜਰ ਚਾਵੇਜ ਤੇ ਜੇਨ ਐਡਮਸ ਦੀਆਂ ਮੂਰਤੀਆਂ ਸ਼ਾਂਤੀਪੂਰਨ ਰਚਨਾਤਮਕ ਸਰਗਰਮੀ ਦਾ ਸੰਦੇਸ਼ ਦਿੰਦੀਆਂ ਹਨ। ਸ਼ਾਂਤੀ ਬਾਗ਼ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਅਸੀਂ ਇਨ੍ਹਾਂ ਮਹਾਪੁਰਖਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਜ਼ਰੂਰੀ ਤੌਰ ‘ਤੇ ਸਵੀਕਾਰ ਨਹੀਂ ਕਰਦੇ। ਇਤਿਹਾਸ ਦੀ ਮਨਮਰਜ਼ੀ ਵਾਲੀ ਵਿਆਖਿਆ ਕਰਨ ਵਾਲਿਆਂ ਨੂੰ ਸਾਡੀ ਬੇਨਤੀ ਹੈ ਕਿ ਇਕ ਨਿਆਪੂਰਨ ਸਮਾਜ ਦੇ ਨਿਰਮਾਣ ‘ਚ ਇਨ੍ਹਾਂ ਮਹਾਪੁਰਖਾਂ ਦੇ ਇਤਿਹਾਸਕ ਯੋਗਦਾਨ ‘ਤੇ ਜ਼ਰਾ ਗ਼ੌਰ ਕਰੀਏ। ਫਿਲਹਾਲ, ਇਥੋਂ ਦੇ ਸਾਬਕਾ ਵਿਦਿਆਰਥੀਆਂ ਨੇ ਜਵਾਬੀ ਅਪੀਲ ਜ਼ਰੀਏ ਮਹਾਤਮਾ ਗਾਂਧੀ ਦੀ ਮੂਰਤੀ ਹਟਾਉਣ ਦੀ ਮੰਗ ਦਾ ਵਿਰੋਧ ਕੀਤਾ ਹੈ।


Share