ਕੈਲੀਫੋਰਨੀਆ ਵਿੱਚ ਹੋਈ ਵੈਸਟ ਨੀਲ ਵਾਇਰਸ ਕਾਰਨ ਪਹਿਲੀ ਮੌਤ

491
Share

ਫਰਿਜ਼ਨੋ, 12 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਨੇ 2021 ਵਿੱਚ ਸਟੇਟ ਦੀ ਵੈਸਟ ਨੀਲ ਵਾਇਰਸ ਜੋ ਕਿ ਮੱਛਰਾਂ ਤੋਂ ਫੈਲਦਾ ਹੈ, ਨਾਲ ਹੋਣ ਵਾਲੀ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਤ ਸੈਨ ਲੁਈਸ ਓਬਿਸਪੋ ਕਾਉਂਟੀ ਵਿੱਚ ਹੋਈ ਹੈ। ਸਟੇਟ ਪਬਲਿਕ ਹੈਲਥ ਅਫਸਰ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਟੌਮਸ ਅਰਗੇਨ ਨੇ ਦੱਸਿਆ ਕਿ ਸੂਬੇ ਵਿੱਚ  ਵੈਸਟ ਨਾਈਲ ਵਾਇਰਸ ਦੀ ਗਤੀਵਿਧੀ ਵੱਧ ਰਹੀ ਹੈ। ਵੈਸਟ ਨੀਲ ਵਾਇਰਸ ਆਮ ਤੌਰ ‘ਤੇ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਅਤੇ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ 13 ਕਾਉਂਟੀਆਂ ‘ਚ ਇਸ ਲਈ ਜਿੰਮੇਵਾਰ ਮੱਛਰਾਂ ਵਿੱਚ ਵਾਇਰਸ ਦੀ ਪਛਾਣ ਕੀਤੀ ਗਈ ਹੈ। ਇਸਦੇ ਨਾਲ ਹੀ ਇਸ ਮਹੀਨੇ ਗਰਮ ਤਾਪਮਾਨ  ਵੀ ਮੱਛਰਾਂ ਦੀ ਵਧ ਰਹੀ ਗਿਣਤੀ ਅਤੇ ਮਨੁੱਖਾਂ ਵਿੱਚ ਵਾਇਰਸ ਫੈਲਣ ਦੇ  ਜੋਖਮ ਵਿਚ ਯੋਗਦਾਨ ਪਾ ਰਿਹਾ ਹੈ। ਵੈਸਟ ਨੀਲ ਵਾਇਰਸ ਦੀ ਇਨਫੈਕਸ਼ਨ ਦੇ ਲੱਛਣਾਂ ਵਿੱਚ ਥਕਾਵਟ, ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ, ਧੱਫੜ ਅਤੇ ਸੋਜ ਆਦਿ ਸ਼ਾਮਲ ਹਨ। ਹਾਲਾਂਕਿ, ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਅਨੁਸਾਰ, ਸੰਕਰਮਿਤ ਹੋਏ 80% ਲੋਕ ਇਸ ਵਾਇਰਸ ਦਾ ਕੋਈ ਲੱਛਣ ਪ੍ਰਦਰਸ਼ਿਤ ਨਹੀਂ ਕਰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਵਾਇਰਸ ਕਰਕੇ ਗੰਭੀਰ ਬਿਮਾਰੀ ਦਾ ਜੋਖਮ ਘੱਟ ਹੈ, 50 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕ ਅਤੇ ਸ਼ੂਗਰ ਜਾਂ ਹਾਈਪਰਟੈਨਸ਼ਨ ਵਾਲੇ ਵਿਅਕਤੀਆਂ ਦੇ ਬਿਮਾਰ ਰਹਿਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਸੀ ਡੀ ਸੀ ਦੇ ਅਨੁਸਾਰ, ਇਸ ਵਾਇਰਸ ਨਾਲ ਸੰਕਰਮਿਤ 1% ਤੋਂ ਵੀ ਘੱਟ ਲੋਕ ਗੰਭੀਰ ਨਿਊਰੋਇਨਵਾਸੀਵ ਬਿਮਾਰੀ ਦਾ ਵਿਕਾਸ ਕਰਦੇ ਹਨ, ਜਿਵੇਂ ਕਿ ਐਨਸੇਫਲਾਈਟਿਸ (ਦਿਮਾਗ ਦੀ ਸੋਜ) ਜਾਂ ਮੈਨਿਨਜਾਈਟਿਸ (ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਢਕਣ ਵਾਲੀ ਝਿੱਲੀ ਦੀ ਸੋਜਸ਼)। ਸਿਹਤ ਵਿਭਾਗ ਅਨੁਸਾਰ ਵੈਸਟ ਨੀਲ ਵਾਇਰਸ ਲਈ ਕੋਈ ਟੀਕਾ ਜਾਂ ਖਾਸ ਇਲਾਜ ਨਹੀਂ ਹੈ। ਇਸ ਵਾਇਰਸ ਅਤੇ ਮੱਛਰਾਂ ਤੋਂ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਢੁੱਕਵੇਂ ਕੱਪੜੇ ਪਹਿਨਣ  ਦੇ  ਨਾਲ ਵਿੰਡੋਜ਼ ਅਤੇ ਦਰਵਾਜ਼ਿਆਂ ਨੂੰ ਬੰਦ ਕਰਨ  ਅਤੇ ਪਾਣੀ ਇਕੱਠਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

Share