ਕੈਲੀਫੋਰਨੀਆ ਵਿੱਚ ਸਿਹਤ ਕਰਮਚਾਰੀਆਂ ਲਈ ਜਰੂਰੀ ਹੋਵੇਗੀ ਕੋਰੋਨਾ ਵੈਕਸੀਨ

403
Share

ਫਰਿਜ਼ਨੋ, 6 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੇ ਯਤਨਾਂ ਵਿੱਚ ਸੂਬੇ ਦੇ ਹੈਲਥ ਵਰਕਰਾਂ ਲਈ ਕੋਰੋਨਾ ਵੈਕਸੀਨ ਲਗਵਾਉਣੀ ਜਰੂਰੀ ਕੀਤੀ ਜਾਵੇਗੀ। ਕੈਲੀਫੋਰਨੀਆ ਵਿੱਚ  ਲਗਭਗ 2.2 ਮਿਲੀਅਨ ਸਿਹਤ ਸੰਭਾਲ ਕਰਮਚਾਰੀਆਂ ਅਤੇ ਲੰਮੇ ਸਮੇਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ 30 ਸਤੰਬਰ ਤੱਕ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਦੀ ਜ਼ਰੂਰਤ ਹੋਵੇਗੀ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਵੀਰਵਾਰ ਨੂੰ ਜਾਰੀ ਕੀਤਾ ਗਿਆ ਇਸ ਸਬੰਧੀ ਆਦੇਸ਼, ਗਵਰਨਰ ਗੈਵਿਨ ਨਿਊਸਮ ਦੁਆਰਾ ਪਿਛਲੇ ਮਹੀਨੇ ਕਹੇ ਗਏ ਸ਼ਬਦਾਂ ਨਾਲੋਂ ਵੱਖਰਾ ਹੈ । ਗਵਰਨਰ ਨੇ ਘੋਸ਼ਣਾ ਕੀਤੀ ਸੀ ਕਿ ਸਿਹਤ ਸੰਭਾਲ ਕਰਮਚਾਰੀਆਂ ਕੋਲ ਕੋਰੋਨਾ ਟੀਕਾ ਲਗਵਾਉਣ ਜਾਂ ਹਫਤਾਵਾਰੀ ਕੋਰੋਨਾ ਜਾਂਚ ਵਿੱਚ ਦਾਖਲ ਹੋਣ ਦਾ ਵਿਕਲਪ ਹੋਵੇਗਾ। ਪਰ ਹੁਣ, ਇਸ ਆਦੇਸ਼ ਅਨੁਸਾਰ ਸਿਹਤ ਸੰਭਾਲ ਕਰਮਚਾਰੀਆਂ ਲਈ ਟੀਕਾਕਰਨ ਸਬੰਧੀ  ਕੋਈ ਵਿਕਲਪ ਨਹੀਂ ਹੈ। ਸੁਰੱਖਿਆ ਦੇ ਮੱਦੇਨਜ਼ਰ ਸਤੰਬਰ ਦੇ ਅੰਤ ਤੱਕ ਸਾਰਿਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਜਿਹੜੇ ਕਰਮਚਾਰੀ ਧਾਰਮਿਕ ਵਿਸ਼ਵਾਸ ਦੇ ਕਾਰਨ ਟੀਕੇ ਨੂੰ ਅਸਵੀਕਾਰ ਕਰਦੇ ਹਨ ਜਾਂ ਜਿਨ੍ਹਾਂ ਨੂੰ ਲਾਇਸੈਂਸਸ਼ੁਦਾ ਡਾਕਟਰਾਂ ਦੁਆਰਾ ਸਿਹਤ ਸਮੱਸਿਆ ਦੱਸੀ ਗਈ ਹੈ, ਉਹ ਟੀਕਾਕਰਨ ਤੋਂ ਛੋਟ ਲੈ ਸਕਦੇ ਹਨ।
ਅੰਕੜਿਆਂ ਅਨੁਸਾਰ ਕੈਲੀਫੋਰਨੀਆ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਵੇਂ ਵਾਇਰਸ ਦੇ ਮਾਮਲਿਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਵੇਖ ਰਿਹਾ ਹੈ। ਸਟੇਟ ਵਿੱਚ ਪ੍ਰਤੀ ਦਿਨ ਪ੍ਰਤੀ 100,000 ਲੋਕਾਂ ਪਿੱਛੇ ਔਸਤਨ 18.3 ਨਵੇਂ ਕੇਸ ਦਰਜ ਹੋ ਰਹੇ ਹਨ ਅਤੇ  ਜ਼ਿਆਦਾਤਰ ਨਵੇਂ ਮਾਮਲੇ ਵਾਇਰਸ ਦੇ ਡੈਲਟਾ ਰੂਪ ਦੇ ਕਾਰਨ ਹੁੰਦੇ ਹਨ। ਕੈਲੀਫੋਰਨੀਆ ਦਾ ਨਵਾਂ ਟੀਕਾ ਆਦੇਸ਼ ਵਿਆਪਕ ਹੈ ਅਤੇ ਹਸਪਤਾਲਾਂ, ਨਰਸਿੰਗ ਸਹੂਲਤਾਂ, ਮਨੋਵਿਗਿਆਨਕ ਹਸਪਤਾਲਾਂ, ਬਾਲਗ ਸਿਹਤ ਸੰਭਾਲ ਕੇਂਦਰਾਂ, ਡਾਇਲਸਿਸ ਕੇਂਦਰਾਂ, ਹਾਸਪਾਈਸ ਸਹੂਲਤਾਂ ਅਤੇ ਕਲੀਨਿਕਾਂ ਅਤੇ ਡਾਕਟਰਾਂ ਦੇ ਦਫਤਰਾਂ ਸਮੇਤ ਜ਼ਿਆਦਾਤਰ ਸਿਹਤ ਦੇਖਭਾਲ ਸਹੂਲਤਾਂ ਦੇ ਕਰਮਚਾਰੀਆਂ ‘ਤੇ ਲਾਗੂ ਹੁੰਦਾ ਹੈ।

Share