ਕੈਲੀਫੋਰਨੀਆ ਵਿੱਚ ਸ਼ੇਰ ਨੇ ਕੀਤਾ ਬੱਚੇ ‘ਤੇ ਹਮਲਾ, ਅਧਿਕਾਰੀਆਂ ਨੇ ਮਾਰੀ ਗੋਲੀ

430
Share

ਫਰਿਜ਼ਨੋ, 30 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਾਊਥ ਕੈਲੀਫੋਰਨੀਆ ਵਿੱਚ ਇੱਕ ਪਹਾੜੀ ਸ਼ੇਰ ਦੁਆਰਾ ਇੱਕ 5 ਸਾਲਾਂ ਲੜਕੇ ਉੱਤੇ ਹਮਲਾ ਕਰਕੇ ਜਖਮੀ ਕਰਨ ਦੀ ਘਟਨਾ ਵਾਪਰੀ ਹੈ, ਜਿਸ ਨੂੰ ਬਾਅਦ ਵਿੱਚ ਜੰਗਲੀ ਜੀਵ ਅਧਿਕਾਰੀ ਵੱਲੋਂ  ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਇਸ ਘਟਨਾ ਸਬੰਧੀ ਕੈਲੀਫੋਰਨੀਆ ਦੇ  ਮੱਛੀ ਅਤੇ ਵਾਈਲਡ ਲਾਈਫ (ਜੰਗਲੀ ਜੀਵ) ਵਿਭਾਗ ਦੇ ਬੁਲਾਰੇ ਕੈਪਟਨ ਪੈਟਰਿਕ ਫੋਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਹਾੜੀ ਸ਼ੇਰ ਨੇ ਲੜਕੇ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਵੀਰਵਾਰ ਨੂੰ ਕੈਲਾਬਾਸਸ ਵਿੱਚ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਸ਼ੇਰ ਨੇ ਲੜਕੇ ਨੂੰ ਬਗੀਚੇ ਵਿੱਚ 45 ਗਜ਼ ਦੇ ਘੇਰੇ ਵਿੱਚ ਘੜੀਸ ਲਿਆ। ਇਸ ਹਮਲੇ ਵਿੱਚ ਲੜਕੇ ਦੇ ਸਿਰ ਅਤੇ ਉਪਰਲੇ ਸਰੀਰ ਵਿੱਚ ਗੰਭੀਰ ਸੱਟਾਂ ਲੱਗੀਆਂ ਪਰ  ਉਹ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਸਥਿਰ ਹਾਲਤ ‘ਚ ਹੈ। ਫੋਏ  ਅਨੁਸਾਰ ਲੜਕੇ ਦੀ ਮਾਂ ਨੇ ਆਪਣੇ ਪੁੱਤਰ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਹਮਲੇ ਸਮੇਂ ਬੱਚੇ ਦੀ  ਮਾਂ ਘਰ ਦੇ ਅੰਦਰ ਸੀ। ਉਹ ਰੌਲਾ ਰੱਪਾ ਸੁਣ ਕੇ ਬਾਹਰ ਆਈ ਅਤੇ ਪਹਾੜੀ ਸ਼ੇਰ ਨੂੰ ਆਪਣੇ ਨੰਗੇ ਹੱਥਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਉਸਨੇ ਬੱਚੇ ਨੂੰ ਸ਼ੇਰ ਤੋਂ ਛੁਡਾ ਕੇ ਤੁਰੰਤ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਅਧਿਕਾਰੀਆਂ ਨੂੰ ਇਸ ਹਮਲੇ ਦੀ ਸੂਚਨਾ ਦਿੱਤੀ ਗਈ ਅਤੇ ਇੱਕ ਜੰਗਲੀ ਵਿਭਾਗ ਦੇ ਅਧਿਕਾਰੀ ਨੇ ਘਟਨਾ ਸਥਾਨ ‘ਤੇ  ਜਾਇਜਾ ਲੈਂਦਿਆ  ਝਾੜੀਆਂ ਵਿੱਚ ਘੁੰਮਦੇ ਹੋਏ ਸ਼ੇਰ ਨੂੰ ਗੋਲੀ ਮਾਰੀ। ਵਿਭਾਗ ਅਨੁਸਾਰ ਇਹ ਇੱਕ ਹਮਲਾਵਰ ਸ਼ੇਰ ਸੀ ਅਤੇ ਜਨਤਕ ਸੁਰੱਖਿਆ ਲਈ ਗੋਲੀ ਮਾਰ ਕੇ ਉਸ ਨੂੰ ਸਾਈਟ ਉੱਤੇ ਹੀ ਮਾਰ ਦਿੱਤਾ ਗਿਆ। ਇਸ ਉਪਰੰਤ ਡੀ ਐਨ ਏ ਟੈਸਟਾਂ ਨੇ ਪੁਸ਼ਟੀ ਕੀਤੀ ਕਿ ਬੱਚੇ ‘ਤੇ ਹਮਲਾ ਕਰਨ ਲਈ ਸ਼ੇਰ ਹੀ ਜ਼ਿੰਮੇਵਾਰ ਸੀ।

Share