ਕੈਲੀਫੋਰਨੀਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਸ਼ੱਕੀ ਵਿਅਕਤੀਆਂ ‘ਚੋਂ 13 ਦੀ ਹੋਈ ਸੜਕ ਹਾਦਸੇ ‘ਚ ਮੌਤ

457
Share

ਫਰਿਜ਼ਨੋ (ਕੈਲੀਫੋਰਨੀਆ), 4 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਮੰਗਲਵਾਰ ਦੇ ਦਿਨ ਇੱਕ ਐਸ ਯੂ ਵੀ ਅਤੇ ਛੋਟੇ ਟਰੱਕ ਵਿੱਚ ਹੋਈ ਟੱਕਰ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਸੰਬੰਧੀ ਕਸਟਮਜ਼ ਅਤੇ ਬਾਰਡਰ ਕੰਟਰੋਲ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਹੋਈ ਇਸ  ਦੁਰਘਟਨਾ ਵਿੱਚ ਮਾਰੇ ਗਏ 13 ਲੋਕਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦਾ ਸ਼ੱਕ ਹੈ, ਕਿਉਂਕਿ ਅਧਿਕਾਰੀਆਂ ਅਨੁਸਾਰ ਉਸੇ ਦਿਨ ਯੂਐਸ-ਮੈਕਸੀਕੋ ਸਰਹੱਦ ‘ਤੇ ਸੰਭਾਵਤ ਮਨੁੱਖੀ ਤਸਕਰੀ ਦੀ ਕੋਸ਼ਿਸ਼ ਵਿੱਚ ਸਰਹੱਦੀ ਵਾੜ ਦੀ ਵੀ ਭੰਨ ਤੋੜ ਕੀਤੀ ਗਈ ਸੀ। ਸਰਹੱਦੀ ਗਸ਼ਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਤਕਰੀਬਨ 10 ਫੁੱਟ ਸਰਹੱਦੀ ਵਾੜ ਦੀ ਭੰਨਤੋੜ ਦੀ ਜਾਣਕਾਰੀ ਮੰਗਲਵਾਰ ਸਵੇਰੇ ਮਿਲੀ ਸੀ, ਜਿਸਦੀ ਇੱਕ ਨਿਗਰਾਨੀ ਵੀਡੀਓ ਦੀ ਸਮੀਖਿਆ ਦੌਰਾਨ ਦੋ ਵਾਹਨਾਂ ਨੂੰ ਸਰਹੱਦ ਨੇੜੇ ਵੇਖਿਆ ਗਿਆ ਹੈ। ਇਸ ਹਾਦਸੇ ਸੰਬੰਧੀ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਦੇ ਅਨੁਸਾਰ, ਮੰਗਲਵਾਰ ਨੂੰ ਇੱਕ ਫੋਰਡ ਐਸ ਯੂ ਵੀ ਜੋ ਕਿ 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਛੋਟੇ ਟਰੱਕ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਐਸ ਯੂ ਵੀ ਚਾਲਕ ਸਮੇਤ 12 ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸੈਨ ਡਿਏਗੋ ਤੋਂ 125 ਮੀਲ ਪੂਰਬ ਵੱਲ ਅਤੇ ਅਮਰੀਕਾ-ਮੈਕਸੀਕੋ ਸਰਹੱਦ ਤੋਂ 10 ਮੀਲ ਦੀ ਦੂਰੀ ‘ਤੇ ਇੰਪੀਰੀਅਲ ਕਾਉਂਟੀ ਦੇ ਹੋਲਟਵਿਲੇ ਨੇੜੇ ਹੋਇਆ ਸੀ।ਸਰਹੱਦੀ ਗਸ਼ਤ ਅਧਿਕਾਰੀਆਂ ਅਨੁਸਾਰ ਇਹਨਾਂ ਸਾਰੇ ਵਿਅਕਤੀਆਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦਾ ਸ਼ੱਕ ਹੈ।

Share