ਕੈਲੀਫੋਰਨੀਆ ਵਿਚ ਗੈਰ ਕਾਨੂੰਨੀ ਤੌਰ ‘ਤੇ ਖਤਰਨਾਕ ਬੰਦੂਕਾਂ ਤਿਆਰ ਕਰਨ ਦਾ ਸਮਾਨ ਬਰਾਮਦ, ਦੋ ਵਿਅਕਤੀ ਕੀਤੇ ਗ੍ਰਿਫਤਾਰ

47
ਪੁਲਿਸ ਵੱਲੋਂ ਬੰਦੂਕਾਂ ਤਿਆਰ ਕਰਨ ਲਈ ਬਰਾਮਦ ਕੀਤਾ ਸਮਾਨ ਤੇ ਹਥਿਆਰ
Share

ਸੈਕਰਾਮੈਂਟੋ, 11 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ਵਿਚ ਪੁਲਿਸ ਨੇ 2 ਵਿਅਕਤੀਆਂ ਕੋਲੋਂ ਖਤਰਨਾਕ ਬੰਦੂਕਾਂ ਤਿਆਰ ਕਰਨ ਵਾਲਾ ਸਮਾਨ ਬਰਾਮਦ ਹੋਣ ਤੋਂ ਬਾਅਦ ਉਨਾਂ ਨੂੰ ਗ੍ਰਿਫਤਾਰ ਕੀਤਾ ਹੈ। ਲਾਸ ਏਂਜਲਸ ਪੁਲਿਸ ਵਿਭਾਗ ਅਨੁਸਾਰ ਇਹ ਬਰਾਮਦਗੀ ‘ਰੀਜਨਲ ਇਲਲੀਗਲ ਫਾਇਰ ਆਰਮਜ ਟਰੈਫਿਕਿੰਗ ਟੀਮ’ (ਰਿਫਟ) ਦੀ ਕੋਸ਼ਿਸ਼ ਸਦਕਾ ਸੰਭਵ ਹੋਈ ਹੈ। ਬਰਾਮਦ ਸਮਾਨ ਵਿਚ 200 ਬੰਦੂਕਾਂ ਦੇ ਫਰੇਮ, ਹੈਂਡਗੰਨ ਸਲਾਈਡਜ, ਦੋ ਅਸਾਲਟ ਹਥਿਆਰ, ਇਕ  ਰਾਈਫਲ, ਹਥਿਆਰਾਂ ਦੇ ਮੈਗਜੀਨ, ਤੇ ਬੰਦੂਕਾਂ ਬਣਾਉਣ ਲਈ ਲੋੜੀਂਦੇ ਹੋਰ ਹਿੱਸੇ ਪੁਰਜੇ ਸ਼ਾਮਿਲ ਹਨ। ਅਮਰੀਕਾ ਵਿਚ ਇਧਰੋਂ ਉਧਰੋਂ ਜਾਂ ਆਨ ਲਾਈਨ ਹਿੱਸੇ ਪੁਰਜੇ ਖਰੀਦ ਕੇ ਬਣਾਈਆਂ ਜਾਂਦੀਆਂ ਬੰਦੂਕਾਂ ਨੂੰ ‘ਗੋਸਟ ਗੰਨਜ’ ਕਿਹਾ ਜਾਂਦਾ ਹੈ। ਗੈਰ ਕਾਨੂੰਨੀ ਢੰਗ ਤਰੀਕੇ ਨਾਲ ਬਣਾਈਆਂ ਜਾਂਦੀਆਂ ਬੰਦੂਕਾਂ ਦਾ ਪਤਾ ਲਾਉਣ ਅਸੰਭਵ ਹੈ ਕਿਉਂਕਿ ਇਨਾਂ ਦਾ ਕੋਈ ਲੜੀ ਨੰਬਰ ਨਹੀਂ ਹੁੰਦਾ। ਇਹ ਬੰਦੂਕਾਂ ਖਤਰਨਾਕ ਹੋ ਸਕਦੀਆਂ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ‘ਰੀਜਨਲ ਇਲਲੀਗਲ ਫਾਇਰ ਆਰਮਜ ਟਰੈਫਿਕਿੰਗ (ਰਿਫਟ) ਟੀਮ ਲਾਸ ਏਂਜਲਸ ਪੁਲਿਸ ਵਿਭਾਗ, ਨਾਰਕੋਟਿਸ ਡਵੀਜਨ, ਹੋਮਲੈਂਡ ਸਕਿਉਰਿਟੀ ਤੇ ਲਾਸ ਏਂਜਲਸ ਏਅਰਪੋਰਟ ਪੁਲਿਸ ‘ਤੇ ਆਧਰਤ ਹੈ ਜਿਸ ਨੇ ਦੋ ਤਲਾਸ਼ੀ ਵਾਰੰਟ ਤਹਿਤ ਕਾਰਵਾਈ ਕਰਦਿਆਂ ਸੈਨ ਪੈਡਰੋ ਤੇ ਗਾਰਡੇਨਾ ਵਿਚ ਛਾਪੇਮਾਰੀ ਕੀਤੀ।  ਪੁਲਿਸ ਅਨੁਸਾਰ ਇਹ ਤਲਾਸ਼ੀ ਵਾਰੰਟ ‘ਰਿਫਟ’ ਦੁਆਰਾ ਕੀਤੀ ਗਈ ਜਾਂਚ ਉਪਰੰਤ ਮਿਲੇ ਸਨ। ‘ਰਿਫਟ’ ਟੀਮ ਇਕ ਵਿਦੇਸ਼ੀ ਨਾਗਰਿਕ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 11 ਬੰਦੂਕਾਂ ਬਰਾਮਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤਹਿਤ ਪੈਡਰੋ ਤੇ ਗਾਰਡੇਨਾ ਵਿਚ ਦੋ ਥਾਵਾਂ ਦੀ ਪਛਾਣ ਕੀਤੀ ਗਈ ਜਿਥੇ ਬੰਦੂਕਾਂ ਤਿਆਰ ਕੀਤੀਆਂ ਜਾਂਦੀਆਂ ਸਨ। ਪੁਲਿਸ ਅਨੁਸਾਰ ਗ੍ਰਿਫਤਾਰ ਵਿਅਕਤੀਆਂ ਵਿਚੋਂ ਇਕ ਵਿਰੁੱਧ ਗੈਰ ਕਾਨੂੰਨੀ ਅਸਾਲਟ ਹਥਿਆਰ ਬਣਾਉਣ ਤੇ ਦੂਸਰੇ ਵਿਰੁੱਧ ਬੰਦੂਕਾਂ ਤਿਆਰ ਕਰਨ ਲਈ ਕਾਨੂੰਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਦੇ ਨਾਂ ਨਸ਼ਰ ਨਹੀਂ ਕੀਤੇ  ਹਨ।


Share