ਕੈਲੀਫੋਰਨੀਆ ਪੁਲਿਸ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਜ਼ਬਤ ਕੀਤੇ 1 ਮਿਲੀਅਨ ਡਾਲਰ

109
Share

ਫਰਿਜ਼ਨੋ (ਕੈਲੀਫੋਰਨੀਆ), 24 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ ਐੱਚ ਪੀ) ਨੇ ਮੰਗਲਵਾਰ ਨੂੰ ਟ੍ਰੈਫਿਕ ਸਟਾਪ ਦੇ ਦੌਰਾਨ ਲੱਖਾਂ ਡਾਲਰ ਜੋ ਕਿ ਸੰਭਾਵਿਤ ਤੌਰ ‘ਤੇ ਗੈਰਕਾਨੂੰਨੀ ਮੰਨੇ ਜਾਂਦੇ ਹਨ , ਨੂੰ ਜ਼ਬਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਸੀ ਐੱਚ ਪੀ ਦੇ ਅਨੁਸਾਰ ਇੱਕ ਖੋਜੀ ਕੁੱਤੇ ਕੇ 9 ਨੇ ਮਰਸੇਡ ਵਿੱਚ ਇੱਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਰੱਖੀ ਸ਼ੱਕੀ ਡਰੱਗ ਮਨੀ ਦੇ ਦਰਜਨਾਂ ਪੈਕਟਾਂ ਦਾ ਪਰਦਾਫਾਸ਼ ਕਰਨ ਵਿੱਚ ਸਹਾਇਤਾ ਕੀਤੀ। ਇਸ ਮਾਮਲੇ ਵਿੱਚ ਇੱਕ ਅਧਿਕਾਰੀ ਨੇ ਤੇਜ਼ ਰਫਤਾਰ ਟਰੱਕ ਨੂੰ ਰੋਕਿਆ, ਜਿਸ ਉਪਰੰਤ ਨਾਲ ਅਧਿਕਾਰੀ ਨੂੰ ਸ਼ੱਕ ਹੋਇਆ ਕਿ ਇਹ ਟਰੱਕ ਸੰਭਾਵਿਤ ਤੌਰ ‘ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਸੀ ਐੱਚ ਪੀ ਅਧਿਕਾਰੀਆਂ ਨੇ  ਇੱਕ ਕੇ 9 ਅਫਸਰ ਬੈਨੀ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਅਤੇ ਉਸਨੂੰ ਟਰੱਕ ਦੇ ਬਾਹਰਲੇ ਪਾਸੇ ਸੁੰਘਣ ਲਈ ਕਿਹਾ। ਖੋਜੀ ਕੁੱਤੇ ਬੈਨੀ ਨੇ ਅਧਿਕਾਰੀਆਂ ਨੂੰ ਮਿਲੀ ਗੰਧ ਤੋਂ ਸੁਚੇਤ ਕੀਤਾ ਅਤੇ ਉਨ੍ਹਾਂ ਨੂੰ ਟਰੱਕ ਦੇ ਅੰਦਰ ਤਲਾਸ਼ੀ ਲੈਣ ਦਾ ਸੰਕੇਤ ਦਿੱਤਾ । ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਸੂਟਕੇਸ ਅਤੇ ਇੱਕ ਗੱਤੇ ਦੇ ਡੱਬੇ ਵਿੱਚ ਛੁਪਾਏ ਨਕਦੀ ਦੇ ਕਈ  ਪੈਕੇਟ ਬਰਾਮਦ ਕੀਤੇ।ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਟ੍ਰੈਫਿਕ ਸਟਾਪ ਦੇ ਦੌਰਾਨ ਤਕਰੀਬਨ 1,000,000 ਡਾਲਰ ਦੀ ਨਕਦ ਰਾਸ਼ੀ ਜਬਤ ਕੀਤੀ ਗਈ ਹੈ। ਅਧਿਕਾਰੀਆਂ ਦੁਆਰਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਨੂੰ ਸੰਭਾਵਿਤ ਡਰੱਗ ਮਨੀ ਰੱਖਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ।

Share