ਕੈਲੀਫੋਰਨੀਆ ਪੁਲਿਸ ਦੇ ਖੋਜੀ ਕੁੱਤੇ ਨੇ ਕੀਤਾ ਲੱਖਾਂ ਗੈਰਕਾਨੂੰਨੀ ਡਾਲਰ ਤੇ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼

338
Share

ਫਰਿਜ਼ਨੋ, 29 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਹਾਈਵੇ ਪੁਲਿਸ (ਸੀ.ਐੱਚ.ਪੀ.) ਵੱਲੋਂ ਕਈ ਕੇਸਾਂ ’ਚ ਛਾਣਬੀਣ ਕਰਨ ਲਈ ਖੋਜੀ ਕੁੱਤਿਆਂ ਦੀ ਮਦਦ ਲਈ ਜਾਂਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਖੋਜੀ ਕੁੱਤੇ ਅਪਰਾਧੀਆਂ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਪ੍ਰਾਪਤ ਕਰਦੇ ਹਨ। ਇੱਕ ਅਜਿਹਾ ਹੀ ਸੀ.ਐੱਚ.ਪੀ. ਦਾ ਕੇ 9 (ਖੋਜੀ ਕੁੱਤਾ) ਦੋ ਹਫਤਿਆਂ ਵਿਚ ਲੱਖਾਂ ਡਾਲਰਾਂ ਦੀ ਨਕਦੀ ਅਤੇ 10 ਲੱਖ ਲੋਕਾਂ ਨੂੰ ਮਾਰਨ ਲਈ ਕਾਫੀ ਨਸ਼ੀਲਾ ਪਦਾਰਥ ਫੈਂਟਾਨਾਈਲ ਜ਼ਬਤ ਕਰਨ ਵਿਚ ਸਫਲ ਰਿਹਾ ਹੈ।
ਇਸ ਖੋਜੀ ਕੁੱਤੇ ਦਾ ਨਾਮ ਬੈਨੀ ਹੈ ਅਤੇ ਅਧਿਕਾਰੀਆਂ ਅਨੁਸਾਰ ਇਸਨੇ 17 ਅਗਸਤ ਨੂੰ ਭੰਗ ਦੀ ਬਦਬੂ ਦਾ ਪਤਾ ਲਗਾਉਣ ਤੋਂ ਬਾਅਦ ਇੱਕ ਜਿਮ ਬੈਗ ਦੇ ਅੰਦਰ ਤਕਰੀਬਨ 300,000 ਡਾਲਰ ਦੀ ਗੈਰਕਾਨੂੰਨੀ ਨਕਦੀ ਦੀ ਖੋਜ ਕੀਤੀ। ਇਸ ਸਫਲਤਾ ਦੇ ਪੰਜ ਦਿਨਾਂ ਬਾਅਦ, ਬੈਨੀ ਨੇ ਨਸ਼ੀਲੇ ਪਦਾਰਥਾਂ ਦੀ ਬਦਬੂ ਆਉਣ ’ਤੇ ਇੱਕ ਵਾਹਨ ਦੀ ਡਰਾਈਵਰ ਸੀਟ ਦੇ ਬਕਸੇ ਵਿਚੋਂ ਲਗਭਗ 6.5 ਐੱਲ.ਬੀ.ਐੱਸ. ਫੈਂਟਾਨਾਈਲ ਬਰਾਮਦ ਕਰਨ ਵਿਚ ਮਦਦ ਕੀਤੀ, ਜੋ¿; ਕਿ ਇੱਕ ਮਿਲੀਅਨ ਲੋਕਾਂ ਨੂੰ ਮਾਰਨ ਲਈ ਕਾਫੀ ਹੈ।
ਫਰਿਜ਼ਨੋ ਦੇ ਪੁਲਿਸ ਮੁਖੀ ਅਨੁਸਾਰ ਇਹ ਨਸ਼ੀਲਾ ਪਦਾਰਥ ਹੈਰੋਇਨ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ।
ਇਸ ਖੋਜੀ ਕੁੱਤੇ ਬੈਨੀ ਦੇ ਕਰੀਅਰ ਦੀ ਸ਼ੁਰੂਆਤ 2018 ਵਿਚ ਮਰਸੀਡ ਵਿਚ ਸੀ.ਐੱਚ.ਪੀ. ਨਾਲ ਹੋਈ ਸੀ। 100 ਤੋਂ ਵੱਧ ਸਟਾਪਸ ਵਿਚ, ਉਸਨੇ 150 ਪੌਂਡ ਕੋਕੀਨ, ਲਗਭਗ 600 ਐੱਲ.ਬੀ.ਐੱਸ. ਮੈਥ, 144,000 ਫੈਂਟਾਨਾਈਲ ਗੋਲੀਆਂ ਅਤੇ 9 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਕਰਵਾਈ ਹੈ।

Share