ਕੈਲੀਫੋਰਨੀਆ ਨੇ ਕੀਤੀ ਕੋਰੋਨਾਵਾਇਰਸ ਵੈਕਸੀਨ ਦੇ ਡਿਜੀਟਲ ਰਿਕਾਰਡ ਦੀ ਪੇਸ਼ਕਸ਼

150
Share

ਫਰਿਜ਼ਨੋ, 19 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਨੇ ਸ਼ੁੱਕਰਵਾਰ ਨੂੰ ਵਸਨੀਕਾਂ ਨੂੰ ਕੋਰੋਨਾਵਾਇਰਸ ਵੈਕਸੀਨ ਲਗਵਾਉਣ ਦੇ ਸਬੂਤ ਵਜੋਂ ਇੱਕ ਡਿਜੀਟਲ ਰਿਕਾਰਡ ਦੇਣ ਦੀ ਸ਼ੁਰੂਆਤ ਕੀਤੀ ਹੈ, ਜਿਸਦੀ ਵਰਤੋਂ ਲੋਕਾਂ ਦੁਆਰਾ ਵੈਕਸੀਨ ਲੱਗੀ ਹੋਣ ਦੇ ਸਬੂਤ ਵਜੋਂ ਅਲੱਗ-ਅਲੱਗ ਮੌਕਿਆਂ ’ਤੇ ਕੀਤੀ ਜਾ ਸਕਦੀ ਹੈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਐਂਡ ਟੈਕਨੋਲੋਜੀ ਵਿਭਾਗ ਅਨੁਸਾਰ ਨਵੀ ਯੋਜਨਾ ਕੈਲੀਫੋਰਨੀਆ ਦੇ ਲੋਕਾਂ ਨੂੰ ਰਾਜ ਦੀ ਟੀਕਾਕਰਨ ਰਜਿਸਟਰੀ ਤੋਂ ਉਨ੍ਹਾਂ ਦੇ ਕੋਵਿਡ-19 ਟੀਕਾਕਰਨ ਦੇ ਰਿਕਾਰਡ ਤੱਕ ਪਹੁੰਚ ਦੀ ਆਗਿਆ ਦਿੰਦੀ ਹੈ ਅਤੇ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੁਆਰਾ ਜਾਰੀ ਕੀਤੇ ਗਏ ਪੇਪਰ ਕਾਰਡਾਂ ਵਾਂਗ ਉਸੇ ਤਰ੍ਹਾਂ ਦੀ ਹੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਡਿਜੀਟਲ ਜਾਣਕਾਰੀ ਅਤੇ ਰਿਕਾਰਡ ਤੱਕ ਪਹੁੰਚਣ ਲਈ, ਕੈਲੀਫੋਰਨੀਆ ਦੇ ਲੋਕਾਂ ਨੂੰ ਸਟੇਟ ਦੀ ਵੈਬਸਾਈਟ ਵਿਚ ਉਨ੍ਹਾਂ ਦਾ ਨਾਮ, ਜਨਮ ਮਿਤੀ ਅਤੇ ਈਮੇਲ ਦੇ ਨਾਲ ਆਪਣੇ ਟੀਕੇ ਦੇ ਰਿਕਾਰਡ ਨਾਲ ਜੁੜੇ ਫੋਨ ਨੰਬਰ ਦੀ ਡਿਟੇਲ ਦਾਖਲ ਕਰਨੀ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਨੂੰ ਚਾਰ-ਅੰਕਾਂ ਵਾਲਾ ਪਿੰਨ ਬਣਾਉਣ ਲਈ ਵੀ ਕਿਹਾ ਜਾਵੇਗਾ ਅਤੇ ਇਸ ਰਿਕਾਰਡ ਵਿਚ ਇੱਕ ਕਿਊਆਰ ਕੋਡ ਵੀ ਸ਼ਾਮਲ ਹੋਵੇਗਾ, ਜੋ ਉਪਭੋਗਤਾ ਆਪਣੇ ਮੋਬਾਈਲ ਫੋਨਾਂ ਵਿਚ ਸੇਵ ਕਰ ਸਕਦੇ ਹਨ। ਮਹਾਂਮਾਰੀ ਵਿਗਿਆਨੀ ਡਾ. ਏਰਿਕਾ ਪੈਨ ਨੇ ਦੱਸਿਆ ਕਿ ਕੈਲੀਫੋਰਨੀਆ ਵਿਚ ਤਕਰੀਬਨ 20 ਮਿਲੀਅਨ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਯਾਤਰਾ ਵਰਗੇ ਕੁੱਝ ਹਾਲਤਾਂ ਵਿਚ ਟੀਕਾਕਰਨ ਦੇ ਸਬੂਤ ਦੇਣੇ ਪਹਿਲਾਂ ਹੀ ਜ਼ਰੂਰੀ ਹਨ। ਇਸ ਸਬੰਧੀ ਜਿਆਦਾ ਜਾਣਕਾਰੀ ਲਈ ਸਟੇਟ ਦੀ ਵੈੱਬਸਾਈਟ https://myvaccinerecord.cdph.ca.gov ਵੇਖੀ ਜਾ ਸਕਦੀ ਹੈ।

Share