ਕੈਲੀਫੋਰਨੀਆ ਦੇ 14 ਸਾਲਾ ਲੜਕੇ ਨੇ ਤੈਰ ਕੇ ਪਾਰ ਕੀਤੀ ਟਹੋਏ ਝੀਲ ਦੀ ਲੰਬਾਈ

467
Share

ਫਰਿਜ਼ਨੋ, 11 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਦਾ ਇੱਕ 14 ਸਾਲਾ ਲੜਕਾ ਟਹੋਏ ਝੀਲ ਦੀ ਪੂਰੀ 21.3 ਮੀਲ (34 ਕਿਲੋਮੀਟਰ) ਦੀ ਲੰਬਾਈ ਨੂੰ ਤੈਰਨ ਅਤੇ ਐਲਪਾਈਨ ਝੀਲ ਦੇ ਟਿ੍ਰਪਲ ਕ੍ਰਾਨ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ।
ਲਾਸ ਬਾਨੋਸ ਦੇ ਜੇਮਜ਼ ਸੈਵੇਜ ਨਾਮ ਦੇ ਲੜਕੇ ਨੇ 1 ਅਗਸਤ ਨੂੰ 12 ਘੰਟਿਆਂ ’ਚ ਕੈਲੀਫੋਰਨੀਆ-ਨਵਾਡਾ ਲਾਈਨ ’ਤੇ ਫੈਲੀ ਇਸ ਝੀਲ ਨੂੰ ਪਾਰ ਕੀਤਾ। ਸੈਵੇਜ ਦੀ ਤੈਰਾਕੀ ਦਾ ਸਫਰ ਕੈਲੀਫੋਰਨੀਆ ਵਿਚੋਂ ਸ਼ੁਰੂ ਹੋ ਕੇ ਨਵਾਡਾ ਦੇ ਇਨਕਲਾਇਨ ਵਿਲੇਜ ਵਿਚ ਸਮਾਪਤ ਹੋਇਆ।
ਇਸ ਬੱਚੇ ਦੀ ਮਾਂ ਜਿਲਿਅਨ ਸੇਵੇਜ ਨੇ ਦੱਸਿਆ ਕਿ ਉਹ ਅੱਠ ਸਾਲ ਦੀ ਉਮਰ ਤੋਂ ਲਗਭਗ ਹਰ ਰੋਜ਼ ਤੈਰਾਕੀ ਕਰ ਰਿਹਾ ਹੈ। ਪਿਛਲੀ ਅਗਸਤ ਵਿਚ 13 ਸਾਲ ਦੀ ਉਮਰ ’ਚ, ਸੇਵੇਜ 12 ਮੀਲ (19 ਕਿਲੋਮੀਟਰ) ‘‘ਟਰੂ ਵਿਡਥ ਸਵਿਮ’’ ਨੂੰ ਪੂਰਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਲੜਕਾ ਬਣਿਆ। ਉਸਨੇ 10 ਮੀਲ (16 ਕਿਲੋਮੀਟਰ) ਵਾਈਕਿੰਗਸ਼ੋਲਮ ਮਾਰਗ ਨੂੰ ਵੀ ਤੈਰਿਆ ਹੈ, ਜੋ ਕਿ ਟਹੋਏ ਝੀਲ ਦੇ ਦੱਖਣੀ ਹਿੱਸੇ ਨੂੰ ਪਾਰ ਕਰਦਾ ਹੈ। ਇਸਦੇ ਇਲਾਵਾ ਸੈਵੇਜ 8 ਸਾਲ ਦੀ ਉਮਰ ਵਿਚ, ਅਲਕਾਟਰਾਜ਼ ਤੋਂ ਸਾਨ ਫਰਾਂਸਿਸਕੋ ਤੱਕ ਵੀ ਤੈਰਿਆ ਹੈ। ਟਹੋਏ ਲੇਕ ਦੀ ਤੈਰਾਕੀ ਟੀਮ ਵਿਚ ਇੱਕ ਅਧਿਕਾਰਤ ਆਬਜ਼ਰਵਰ ਵੀ ਸ਼ਾਮਲ ਸੀ।

Share