ਕੈਲੀਫੋਰਨੀਆ ਦੇ ਹਸਪਤਾਲਾਂ ’ਚ ਜਨਵਰੀ ਦੌਰਾਨ ਦਾਖਲ ਹੋ ਸਕਦੇ ਹਨ 1 ਲੱਖ ਤੱਕ ਮਰੀਜ਼

417
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਕੈਲੀਫੋਰਨੀਆ ਦੇ ਗਵਰਨਲ ਗੈਵਿਨ ਨਿਊਸਮ ਅਤੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਰਾਜ ਵਿਚ ਵਾਇਰਸ ਦੇ ਕੇਸਾਂ ਵਿਚ ਹੋ ਰਹੇ ਵਾਧੇ ਕਾਰਨ ਅਗਲੇ ਮਹੀਨੇ ਤੱਕ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਸਕਦਾ ਹੈ। ਸੂਬੇ ਵਿਚ ਪਿਛਲੇ ਦੋ ਹਫਤਿਆਂ ਦੌਰਾਨ ਲਗਭਗ 5 ਲੱਖ ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ, ਜੋ ਕਿ ਇੱਕ ਲੱਖ ਕੇਸਾਂ ਦਾ ਭਾਰ ਹਸਪਤਾਲਾਂ ’ਤੇ ਪਾ ਸਕਦੇ ਹਨ। ਵਾਇਰਸ ਦੀ ਲਾਗ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ, ਕੈਲੀਫੋਰਨੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸੈਕਟਰੀ ਡਾ. ਮਾਰਕ ਘਾਲੀ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ ਰਾਜ ਦੇ ਸਾਰੇ ਖੇਤਰਾਂ ਵਿਚ ਇਸ ਮਹੀਨੇ ਦੇ ਅਖੀਰ ਅਤੇ ਜਨਵਰੀ ਦੇ ਆਰੰਭ ਤੱਕ ਹਸਪਤਾਲਾਂ ਵਿਚ ਕਮਰੇ ਖਤਮ ਹੋਣ ਦਾ ਡਰ ਹੈ। ਇਸ ਸਾਹਮਣੇ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਅਸਥਾਈ ਸਟਾਫ ਨੂੰ ਵਧਾਉਣ ਨਾਲ, ਜਿਮਨੇਜ਼ੀਅਮ, ਟੈਂਟਾਂ ਅਤੇ ਖਾਲੀ ਐੱਨ.ਬੀ.ਏ. ਅਖਾੜੇ ਵਰਗੀਆਂ ਥਾਂਵਾਂ ਨੂੰ ਅਸਥਾਈ ਹਸਪਤਾਲਾਂ ਵਿਚ ਬਦਲਿਆ ਜਾ ਸਕਦਾ ਹੈ। ਕੈਲੀਫੋਰਨੀਆ ਵਿਚ ਇੱਕ ਦਿਨ ’ਚ ਔਸਤਨ ਲਗਭਗ 44,000 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਹੋਏ ਹਨ, ਜਦਕਿ ਪਿਛਲੇ ਦੋ ਹਫਤਿਆਂ ਵਿਚ 525,000 ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਅੰਦਾਜ਼ਨ 12% ਉਹ ਮਰੀਜ਼ ਜੋ ਹਸਪਤਾਲ ਵਿਚ ਸਕਾਰਾਤਮਕ ਟੈਸਟ ਦੀ ਜਾਂਚ ਕਰਦੇ ਹਨ। ਇਸ ਗਿਣਤੀ ਦੇ ਨਾਲ ਪਿਛਲੇ ਦੋ ਹਫਤਿਆਂ ਦੌਰਾਨ ਲਗਭਗ 63,000 ਮਰੀਜ਼ ਹਸਪਤਾਲ ਵਿਚ ਦਾਖਲ ਹੋਏ ਹਨ। ਇੰਨਾ ਹੀ ਨਹੀਂ, ਪਿਛਲੇ ਛੇ ਹਫ਼ਤਿਆਂ ਵਿਚ ਹੋਏ ਕੇਸਾਂ ਦੇ ਵਿਸਫੋਟ ਨਾਲ ਕੈਲੀਫੋਰਨੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ, ਜਿਸ ਸੰਬੰਧੀ ਐਤਵਾਰ ਨੂੰ ਹੋਈਆਂ ਹੋਰ 83 ਮੌਤਾਂ ਦੀ ਰਿਪੋਰਟ ਨਾਲ ਮੌਤਾਂ ਦੀ ਕੁੱਲ ਗਿਣਤੀ ਤਕਰੀਬਨ 22,676 ਹੋ ਗਈ ਹੈ।


Share