ਕੈਲੀਫੋਰਨੀਆ ਦੇ ਪਾਲ ਸਿਹੋਤਾ ਐੱਨ.ਆਰ.ਆਈ. ਸਭਾ ਦੇ ਚੁਣੇ ਗਏ ਪ੍ਰਧਾਨ

777

ਜਲੰਧਰ, 11 ਮਾਰਚ (ਪੰਜਾਬ ਮੇਲ)- ਐੱਨ.ਆਰ.ਆਈ. ਸਭਾ ਪੰਜਾਬ ਦੀ ਹੋਈ ਚੋਣ ਵਿਚ ਕੈਲੀਫੋਰਨੀਆ ਦੇ ਪ੍ਰਸਿੱਧ ਬਿਜ਼ਨਸਮੈਨ, ਸਮਾਜ ਸੇਵਕ ਅਤੇ ਸਤਿਕਾਰਤ ਸ਼ਖਸੀਅਤ ਕਿਰਪਾਲ ਸਿੰਘ ਸਿਹੋਤਾ, ਜਿਸ ਨੂੰ ਸਾਰੇ ਲੋਕ ਪਾਲ ਸਿਹੋਤਾ ਦੇ ਨਾਂ ਨਾਲ ਜਾਣਦੇ ਹਨ, ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੇ ਐੱਨ.ਆਰ.ਆਈ. ਸਭਾ ਦੇ ਪ੍ਰਧਾਨ ਚੁਣੇ ਜਾਣ ਨਾਲ ਨਾ ਸਿਰਫ ਕੈਲੀਫੋਰਨੀਆ, ਸਗੋਂ ਅਮਰੀਕਾ ਅਤੇ ਬਾਕੀ ਮੁਲਕਾਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਵਿਚ ਵੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਸਿਰਫ ਆਸ ਹੀ ਨਹੀਂ, ਸਗੋਂ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਪਾਲ ਸਿਹੋਤਾ ਵਰਗੇ ਸੂਝਵਾਨ ਵਿਅਕਤੀ ਦੀ ਅਗਵਾਈ ਵਿਚ ਐੱਨ.ਆਰ.ਆਈ. ਸਭਾ ਵੱਡੇ ਕਦਮ ਚੁੱਕਣ ਵੱਲ ਵਧੇਗੀ।
ਐੱਨ.ਆਰ.ਆਈ. ਸਭਾ ਪੰਜਾਬ ਦੀ ਚੋਣ ਵਾਸਤੇ ਸਿੱਧੀ ਹੋਈ ਟੱਕਰ ‘ਚ ਅਮਰੀਕਾ ਦੇ ਰਹਿਣ ਵਾਲੇ ਕਿਰਪਾਲ ਸਿੰਘ ਸਹੋਤਾ ਨੇ ਆਪਣੇ ਵਿਰੋਧੀ ਉਮੀਦਵਾਰ ਜਸਵੀਰ ਸਿੰਘ ਸ਼ੇਰਗਿੱਲ ਨੂੰ 160 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਪੰਜਾਬ ਦੀ ਐੱਨ.ਆਰ.ਆਈ. ਸਭਾ ਦੇ ਲਗਭਗ 23 ਹਜ਼ਾਰ ਮੈਂਬਰਾਂ ਵਿਚੋਂ ਪ੍ਰਧਾਨ ਚੁਣਨ ਲਈ ਸਿਰਫ 363 ਵੋਟਰਾਂ ਨੇ ਹੀ ਆਪਣੀਆਂ ਵੋਟਾਂ ਪਾਈਆਂ। ਚੋਣ ਦੇ ਰਿਟਰਨਿੰਗ ਅਫਸਰ ਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਚੋਣ ਵਿਚ ਕੁੱਲ 363 ਵੋਟਾਂ ਪਈਆਂ, ਜਿਸ ਵਿਚੋਂ ਕਿਰਪਾਲ ਸਿੰਘ ਸਿਹੋਤਾ ਨੂੰ 260, ਜਸਬੀਰ ਸਿੰਘ ਸ਼ੇਰਗਿੱਲ ਨੂੰ 100 ਤੇ ਪ੍ਰੀਤਮ ਸਿੰਘ ਨਾਰੰਗਪੁਰ ਨੂੰ ਦੋ ਵੋਟਾਂ ਪਈਆਂ, ਜਦਕਿ 2 ਵੋਟ ਰੱਦ ਕਰ ਦਿੱਤੀ ਗਈ। ਇਸ ਮੌਕੇ ਰਿਟਰਨਿੰਗ ਅਫਸਰ ਨੇ ਸ਼੍ਰੀ ਸਹੋਤਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ। ਇਸ ਵਾਰ ਸਭਾ ਦੀ ਪ੍ਰਧਾਨਗੀ ਲਈ ਸਿਰਫ ਦੋ ਉਮੀਦਵਾਰਾਂ ‘ਚ ਹੀ ਮੁੱਖ ਮੁਕਾਬਲਾ ਸੀ, ਤੀਸਰੇ ਉਮੀਦਵਾਰ ਪ੍ਰੀਤਮ ਸਿੰਘ ਨਾਰੰਗਪੁਰ ਨੇ ਸ਼ੁੱਕਰਵਾਰ ਆਪਣਾ ਨਾਮ ਵਾਪਸ ਲੈਂਦਿਆਂ ਪਾਲ ਸਿਹੋਤਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਦੀ ਸਭਾ ਦੀ ਚੋਣ ‘ਚ ਅਮਰੀਕਾ, ਫਰਾਂਸ, ਇੰਗਲੈਂਡ, ਕੈਨੇਡਾ, ਆਸਟਰੇਲੀਆ ਆਦਿ ਦੇਸ਼ਾਂ ਦੇ ਐੱਨ.ਆਰ.ਆਈਜ਼ ਨੇ ਭਾਗ ਲਿਆ। ਐੱਨ.ਆਰ.ਆਈ. ਸਭਾ ਪੰਜਾਬ ਦੀ ਪਹਿਲੀ ਚੋਣ 2010 ਵਿਚ ਹੋਈ ਸੀ ਅਤੇ ਉਸ ਸਮੇਂ 12.5% ਵੋਟਿੰਗ ਹੋਈ ਸੀ। ਇਸ ਤੋਂ ਬਾਅਦ 2013 ਵਿਚ 9.22% ਵੋਟਿੰਗ ਹੋਈ ਅਤੇ ਇਸ ਵਾਰ ਸਿਰਫ 1.5% ਵੋਟਿੰਗ ਹੋਈ। ਇਸ ਵਾਰ ਜ਼ਿਆਦਾ ਘੱਟ ਵੋਟਿੰਗ ਲਈ ਸ਼ਾਇਦ ਕੋਰੋਨਾਵਾਇਰਸ ਕਰਕੇ ਲੱਗਾ ਟਰੈਵਲ ਬੈਨ ਵਗੈਰਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਕੁੱਲ ਮਿਲਾਕੇ ਪਾਲ ਸਿਹੋਤਾ ਦੀ ਜਿੱਤ ਕਾਰਨ ਅਮਰੀਕਾ ਦੇ ਪੰਜਾਬੀ ਭਾਈਚਾਰੇ ਅੰਦਰ ਖ਼ੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਕਿਰਪਾਲ ਸਿੰਘ ਸਿਹੋਤਾ ਉੱਤਰੀ ਅਮਰੀਕਾ ਵਿਚ ਹਰੇ ਟਰੱਕਾਂ ਵਾਲੇ ਕਰ ਕੇ ਜਾਣੇ ਜਾਂਦੇ ਹਨ। ਉਹ ਜਲੰਧਰ ਜ਼ਿਲ੍ਹੇ ਦੇ ਬੜਾ ਪਿੰਡ ਦੇ ਰਹਿਣ ਵਾਲੇ ਹਨ। 59 ਸਾਲਾਂ ਦੇ ਕਿਰਪਾਲ ਸਿੰਘ ਸਿਹੋਤਾ 1971 ਵਿਚ ਹੀ ਅਮਰੀਕਾ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਵਿਡਲੀ ਕਾਲਜ ਫਰਿਜ਼ਨੋ ਵਿਚ ਪੜ੍ਹਾਈ ਕੀਤੀ ਸੀ ਤੇ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ ਸੀ। ਕਿਰਪਾਲ ਸਿੰਘ ਸਿਹੋਤਾ, ਜਿਹੜੇ ਪਾਲ ਸਿਹੋਤਾ ਦੇ ਨਾਂ ਨਾਲ ਜਾਣੇ ਜਾਂਦੇ ਹਨ, ਉਨ੍ਹਾਂ ਨੇ 1978 ਵਿਚ ਅਮਰੀਕਾ ‘ਚ ਰਹਿੰਦੇ ਟੁੱਟ ਭਰਾਵਾਂ ਨਾਲ ਰਲ ਕੇ ਇਕ ਪੁਰਾਣਾ ਟਰੱਕ ਖਰੀਦਿਆ ਸੀ। ਸੰਨ 2000 ਤੱਕ ਉਨ੍ਹਾਂ ਕੋਲ 300 ਟਰੱਕ ਹੋ ਗਏ ਸਨ ਤੇ 30 ਮਿਲੀਅਨ ਡਾਲਰ ਦਾ ਕਾਰੋਬਾਰ ਹੋ ਗਿਆ ਸੀ।
ਅਮਰੀਕਾ ‘ਚ ਵੀ ਉਨ੍ਹਾਂ ਨੇ 1500 ਏਕੜ ਤੋਂ ਵੱਧ ਜ਼ਮੀਨ ਖਰੀਦ ਕੇ ਉੱਥੇ ਅੰਗੂਰਾਂ ਤੇ ਬਦਾਮਾਂ ਦੀ ਖੇਤੀ ਸ਼ੁਰੂ ਕਰ ਦਿੱਤੀ। ਅਮਰੀਕਾ ਵਿਚ ਉਨ੍ਹਾਂ ਨੌਰਥ ਅਮਰੀਕਾ ਕਬੱਡੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1993 ਤੋਂ ਅਮਰੀਕਾ ਵਿਚ ਕਬੱਡੀ ਟੂਰਨਾਮੈਂਟ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। 
ਜਲੰਧਰ ਨੇੜਲੇ ਗੁਰਾਇਆ ਲਾਗਲੇ ਬੜਾ ਪਿੰਡ ਤੋਂ ਕਰੀਬ 45 ਸਾਲ ਪਹਿਲਾਂ ਕੈਲੀਫੋਰਨੀਆ ਆਏ ਪਾਲ ਸਿਹੋਤਾ ਨੂੰ ਵਿਦੇਸ਼ਾਂ ਵਿਚ ਆ ਕੇ ਪ੍ਰਵਾਸੀਆਂ ਵੱਲੋਂ ਸਥਾਪਿਤ ਹੋਣ, ਕਾਰੋਬਾਰ ਚਲਾਉਣ ਅਤੇ ਹੋਰ ਅਨੇਕਾਂ ਮੁਸ਼ਕਲਾਂ ਦਾ ਬੜਾ ਡੂੰਘਾ ਅਹਿਸਾਸ ਹੋਇਆ। ਉਹ ਪਿਛਲੇ ਸਾਰੇ ਸਾਲਾਂ ਦੌਰਾਨ ਪੰਜਾਬ ਨਾਲ ਵੀ ਲਗਾਤਾਰ ਨੇੜੇ ਜੁੜੇ ਰਹੇ ਹਨ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਤੋਂ ਆਉਂਦੀਆਂ ਹਰ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਵਿਚੋਂ ਬਹੁਤ ਘੱਟ ਹੋਣਗੇ, ਜੋ ਪਾਲ ਸਿਹੋਤਾ ਨੂੰ ਨਾ ਮਿਲੇ ਹੋਣ। ਕਹਿਣ ਦਾ ਭਾਵ ਹੈ ਕਿ ਉਹ ਪੰਜਾਬ ਦੇ ਹਰ ਖੇਤਰ ਦੇ ਲੋਕਾਂ ਨਾਲ ਬੜੇ ਨੇੜੇ ਤੋਂ ਜੁੜੇ ਚਲੇ ਆ ਰਹੇ ਵਿਅਕਤੀ ਹਨ। ਉਨ੍ਹਾਂ ਨੂੰ ਐੱਨ.ਆਰ.ਆਈਜ਼ ਨੂੰ ਪੰਜਾਬ ਅੰਦਰ ਆਉਂਦੀਆਂ ਦਿੱਕਤਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਦੀ ਵੀ ਗਹਿਰੀ ਜਾਣਕਾਰੀ ਹੈ। 
ਚੋਣ ਜਿੱਤਣ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਹੀ ਉਨ੍ਹਾਂ ਦੀ ਪਹਿਲ ਰਹੇਗੀ ਤੇ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਣਗੇ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਵੋਟਾਂ ਨਾਲ ਹੋਵੇ, ਸਗੋਂ ਉਹ ਸਰਬ-ਸੰਮਤੀ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਅਮਰੀਕਾ ਪਰਤਣਗੇ ਤੇ ਆਪਣੇ ਦਫਤਰ ਜ਼ਰੀਏ ਐੱਨ.ਆਰ.ਆਈ. ਸਭਾ ਪੰਜਾਬ ਲਈ ਫ਼ੋਨ ਨੰਬਰ ਵਗੈਰਾ ਜਾਰੀ ਕਰਨਗੇ, ਤਾਂ ਜੋ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਸੁਣਕੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ, ਕਮਲਜੀਤ ਸਿੰਘ ਹੇਅਰ, ਪਰਮਜੀਤ ਸਿੰਘ ਰਾਏਪੁਰ ਤੇ ਹੋਰ ਪ੍ਰਵਾਸੀ ਪੰਜਾਬੀ ਹਾਜ਼ਰ ਸਨ।