ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ, ਭਾਰੀ ਤਬਾਹੀ ਤੇ ਹਜਾਰਾਂ ਲੋਕ ਘਰ ਬਾਹਰ ਛੱਡਣ ਲਈ ਹੋਏ ਮਜਬੂਰ

60
ਮਾਰੀਪੋਸਾ ਕਾਊਂਟੀ ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਦੇ ਦ੍ਰਿਸ਼
Share

* ਇਕ ਹੈਲੀਕਾਪਟਰ ਤਬਾਹ , ਦੋ ਪਾਈਲਟਾਂ ਦੀ ਮੌਤ

ਸੈਕਰਾਮੈਂਟੋ 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਪੈ ਰਹੀ ਤੇਜ ਗਰਮੀ ਦਰਮਿਆਨ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਹੋਰ ਰਾਜਾਂ ਵਿਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਨਾਲ ਵੱਡੀ ਪੱਧਰ ਉਪਰ ਤਬਾਹੀ ਹੋਈ ਹੈ ਤੇ ਹਜਾਰਾਂ ਲੋਕ ਘਰ ਬਾਹਰ ਛੱਡਣ ਲਈ ਮਜਬੂਰ ਹੋਏ ਹਨ। ਕੈਲੀਫੋਰਨੀਆ ਦੀ ਮਾਰੀਪੋਸਾ ਕਾਊਂਟੀ ਵਿਚ ਯੋਸਮਾਈਟ ਨੈਸ਼ਨਲ ਪਾਰਕ ਨੇੜੇ ਲੱਗੀ ਅੱਗ ਕਾਬੂ ਹੇਠ ਨਹੀਂ ਆ ਰਹੀ ਜਿਸ ਨਾਲ ਹੁਣ ਤੱਕ ਘਟੋ ਘੱਟ 10 ਇਮਾਰਤਾਂ ਸੜ ਗਈਆਂ ਹਨ। ਤਕਰਬੀਨ 9500ਏਕੜ ਰਕਬਾ ਸੜ ਚੁੱਕਾ ਹੈ। ਇਸ ਖੇਤਰ ਵਿਚੋਂ 6000 ਤੋਂ ਵਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਤੇ ਹੋਰ ਜਾਣ ਲਈ ਮਜਬੂਰ ਹੋਣਾ ਪਿਆ ਹੈ। ਅਧਿਕਾਰੀਆਂ ਅਨੁਸਾਰ ਅੱਗ ਸ਼ੁੱਕਰਵਾਰ ਨੂੰ ਮਿਡਪਾਈਨਜ ਨੇੜੇ ਸੀਰਾ ਨੇਵਾਡਾ ਖੇਤਰ ਤੋਂ ਸ਼ੁਰ ਹੋਈ ਸੀ ਜੋ ਤੇਜੀ ਨਾਲ ਅੱਗੇ ਵਧੀ। ਇਸੇ ਦਿਨ ਤਕਰੀਬਨ 4 ਵਜੇ ਬਿਜਲੀ ਕੱਟ ਦਿੱਤੀ ਗਈ ਸੀ।  ਕੈਲੀਫੋਰਨੀਆ ਡਿਪਾਰਟਮੈਂਟ ਆਫ ਫੌਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਅਨੁਸਾਰ ਖੇਤਰ ਵਿਚਲੇ 2000 ਤੋਂ ਹੋਰ ਵਧ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ।

ਲਦਾਹੋ ਵਿਚ ਮੋਨਟਾਨਾ ਬਾਰਡਰ ਨੇੜੇ ਦਿਹਾਤੀ ਖੇਤਰ ਵਿਚ ਅੱਗ ਉਪਰ ਕਾਬੂ ਪਾਉਣ ਦੇ ਯਤਨ ਵਿਚ ਇਕ ਹੈਲੀਕਾਪਟਰ ਤਬਾਹ ਹੋ ਗਿਆ ਤੇ ਉਸ ਦੇ ਦੋਨਾਂ ਪਾਇਲਟਾਂ ਦੀ ਮੌਤ ਹੋ ਗਈ। ਲੈਮਹੀ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਦੋਨਾਂ ਪਾਈਲਟਾਂ ਨੂੰ ਜਖਮੀ ਹਾਲਤ ਵਿਚ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਏ। ਇਨਾਂ ਪਾਈਲਟਾਂ ਦੀ ਪਛਾਣ 41 ਸਾਲਾ ਥਾਮਲ ਹੇਅਜ ਤੇ 36 ਸਾਲਾ ਜੇਰਡ ਬਰਡ ਵਜੋਂ ਹੋਈ ਹੈ। ਨੈਸ਼ਨਲ ਇੰਟਰਏਜੰਸੀ ਫਾਇਰ ਸੈਂਟਰ ਅਨੁਸਾਰ ਸਲਮੋਨ, ਲਦਾਹੋ ਦੇ ਉਤਰ ਵਿਚ ਤਕਰੀਬਨ 21 ਮੀਲ ਜੰਗਲ ਸੜ ਚੁੱਕਾ ਹੈ ਤੇ 700 ਤੋਂ ਵਧ ਅੱਗ ਬੁਝਾਊ ਅਮਲੇ ਦੇ ਮੁਲਾਜ਼ਮ  ਅੱਗ ਉਪਰ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। 9 ਹੈਲੀਕਾਪਟਰ ਅੱਗ ਬੁਝਾਊ ਅਮਲੇ ਦੀ ਸਹਾਇਤਾ ਕਰ ਰਹੇ ਹਨ। ਤਾਪਮਾਨ ਵਧਣ ਤੇ ਹੁਮਸ ਵਾਲੇ ਹਾਲਾਤ ਦੇ ਮੱਦੇਨਜਰ ਆਮ ਲੋਕਾਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਹੈ। ਅੱਗ ਨਾਲ ਹੋਏ ਮਾਲੀ ਨੁਕਸਾਨ ਬਾਰੇ ਅਜੇ ਕੋਈ ਰਿਪੋਰਟ ਨਹੀਂ ਮਿਲੀ ਹੈ ਪਰੰਤੂ ਭਾਰੀ ਆਰਥਕ ਨੁਕਸਾਨ ਹੋਣ ਦਾ ਅਨੁਮਾਨ ਹੈ।


Share