ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਅੱਗੇ ਬੇਵੱਸ ਨਜ਼ਰ ਆ ਰਹੇ ਨੇ ਫਾਇਰ ਫਾਈਟਰ

192
ਕਰੇਸੈਂਟ ਮਿਲਜ ਖੇਤਰ ਦੇ ਇਕ ਵਾੜੇ ਵਿਚੋਂ ਘੋੜਿਆਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਣ ਲਈ ਟਰੇਲਰ ਦੀ ਉਡੀਕ ਕਰਦੀਆਂ ਹੋਈਆਂ ਔਰਤਾਂ
Share

ਸੈਕਰਾਮੈਂਟੋ, 26 ਜੁਲਾਈ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਨੇਕਾਂ ਬਹੁਮੰਤਵੀ ਇਮਾਰਤਾਂ ਤੇ ਘਰਾਂ ਨੂੰ ਸਾੜ ਕੇ ਸਵਾਹ ਕਰ ਚੁੱਕੀ ਹੈ ਤੇ ਹਜ਼ਾਰਾਂ ਹੋਰ ਇਮਾਰਤਾਂ ਦੇ ਸੜਨ ਦਾ ਖਤਰਾ ਬਣਿਆ ਹੋਇਆ ਹੈ ਪਰੰਤੂ ਅੱਗ ਲੱਗਣ ਤੋਂ ਕਰੀਬ 2 ਹਫਤੇ ਬਾਅਦ ਵੀ ਇਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਅੱਗ ਬੁਝਾਊ ਅਮਲਾ ਬੇਵੱਸ ਨਜ਼ਰ ਆ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਦੂਰ-ਦੁਰਾਡੇ ਖੇਤਰ ’ਚ ਲੱਗੀ ਅੱਗ ਸਾਧਨਾਂ ਦੀ ਘਾਟ ਕਾਰਨ ਬੁੱਝ ਨਹੀਂ ਸਕੀ। ਡਿਕਸੀ ’ਚ ਲੱਗੀ ਅੱਗ ਤਕਰੀਬਨ 2 ਲੱਖ ਏਕੜ ’ਚ ਫੈਲ ਚੁੱਕੀ ਹੈ, ਜਿਸ ਉਪਰ ਕਾਬੂ ਪਾਉਣ ਲਈ 5 ਹਜ਼ਾਰ ਅੱਗ ਬੁਝਾਊ ਅਮਲੇ ਦੇ ਮੈਂਬਰ ਯਤਨ ਕਰ ਰਹੇ ਹਨ। ਅੱਗ ਘਟਣ ਦੀ ਬਜਾਏ ਨਾਲ ਲੱਗਦੇ ਜੰਗਲੀ ਖੇਤਰ ਵਿਚ ਵੀ ਫੈਲ ਗਈ ਹੈ। ਅੱਗ ਜੋ 14 ਜੁਲਾਈ ਨੂੰ ਲੱਗੀ ਸੀ, ਹੁਣ ਤੱਕ 20 ਤੋਂ ਵਧ ਇਮਾਰਤਾਂ ਨੂੰ ਤਬਾਹ ਕਰ ਚੁੱਕੀ ਹੈ, ਜਿਸ ਵਿਚ ਵਪਾਰਕ ਤੇ ਹੋਰ ਇਮਾਰਤਾਂ ਸ਼ਾਮਲ ਹਨ।
ਡਿਕਸੀ ਖੇਤਰ ’ਚ ਅੱਗ ਨਾਲ ਸੜ ਰਹੇ ਘਰ ਤੇ ਹੋਰ ਸਮਾਨ।

ਕੈਲੀਫੋਰਨੀਆ ਦੇ ਅਧਿਕਾਰੀਆਂ ਅਨੁਸਾਰ ਬੂਟੇ ਤੇ ਪਲੂਮਸ ਕਾਊਂਟੀਆਂ ’ਚ 10,700 ਤੋਂ ਵਧ ਇਮਾਰਤਾਂ ਨੂੰ ਖਤਰਾ ਬਣਿਆ ਹੋਇਆ ਹੈ। ਅੱਗ ਰਾਸ਼ਟਰੀ ਮਾਰਗ 70 ਤੇ 89 ਨੂੰ ਪਾਰ ਕਰ ਗਈ ਹੈ, ਜਿਸ ਕਾਰਨ ਪੈਕਸਟਨ ਤੇ ਇੰਡਿਆਨ ਫਾਲਜ਼ ’ਚ ਰਹਿੰਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਅੱਗ ਨਾਲ ਪ੍ਰਭਾਵਿਤ ਖੇਤਰ ਵਿਚੋਂ ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹਨ। ਕਰੇਸੈਂਟ ਮਿਲਜ਼ ਖੇਤਰ ’ਚ ਘੋੜਿਆਂ ਦੇ ਫਾਰਮਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਲੋਕ ਘੋੜਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਟਰੇਲਰਾਂ ਦੀ ਉਡੀਕ ਕਰ ਰਹੇ ਹਨ। ਅੱਗ ਦੀ ਭਿਆਨਕਤਾ ਨੂੰ ਵੇਖਦਿਆਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ 4 ਕਾਊਂਟੀਆਂ ’ਚ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਕਾਊਂਟੀਆਂ ਵਿਚ ਐਲਪਾਈਨ, ਲਾਸਨ, ਪਲੂਮਸ ਤੇ ਬੂਟੇ ਸ਼ਾਮਿਲ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅੱਗ ਉਪਰ ਕਾਬੂ ਪਾਉਣ ਲਈ ਸਾਰੇ ਉਪਲਬੱਧ ਸਾਧਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਏਨੀ ਭਿਆਨਕ ਅੱਗ ਉਨ੍ਹਾਂ ਨੇ ਕਦੇ ਵੀ ਨਹੀਂ ਦੇਖੀ। ਇਹ ਅੱਗ ਹੁਣ ਤੱਕ ਲੱਗੀਆਂ 86 ਭਿਆਨਕ ਅੱਗਾਂ ’ਚ ਸ਼ਾਮਲ ਹੋ ਗਈ ਹੈ। ਜ਼ਿਆਦਾਤਰ ਅੱਗ ਲੱਗਣ ਦੀਆਂ ਘਟਨਾਵਾਂ ਪੱਛਮੀ ਖੇਤਰ ’ਚ ਵਾਪਰੀਆਂ ਹਨ, ਜਿਨ੍ਹਾਂ ’ਚ 14 ਲੱਖ ਏਕੜ ਜੰਗਲੀ ਰਕਬਾ ਸੜ ਚੁੱਕਾ ਹੈ। ਅੱਗ ਨਾਲ ਹੋਏ ਨੁਕਸਾਨ ਦਾ ਪਤਾ ਖੇਤਰ ਦੇ ਸਰਵੇਖਣ ਤੋਂ ਬਾਅਦ ਹੀ ਲੱਗੇਗਾ।¿;


Share