ਕੈਲੀਫੋਰਨੀਆ ਦੇ ਗਵਰਨਰ ਵੱਲੋਂ ਅਧਿਆਪਕਾਂ ਤੇ ਕਰਮਚਾਰੀਆਂ ਲਈ ਵੈਕਸੀਨ ਜ਼ਰੂਰੀ ਕਰਨ ਦਾ ਐਲਾਨ

440
Share

ਫਰਿਜ਼ਨੋ, 12 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੀ ਸਟੇਟ ਕੈਲੀਫੋਰਨੀਆ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜ਼ਰੂਰੀ ਕਰਨ ਜਾ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬੁੱਧਵਾਰ ਸਾਨ ਫਰਾਂਸਿਸਕੋ ਬੇ ਏਰੀਆ ਸਕੂਲ ਦੇ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ। ਨਿਊਸਮ ਅਨੁਸਾਰ ਕੈਲੀਫੋਰਨੀਆ ਇਹ ਹੁਕਮ ਦੇਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ, ਜਿਸ ’ਚ ਸਾਰੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਕਰਮਚਾਰੀਆਂ ਨੂੰ ਕੋਵਿਡ-19 ਦਾ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ। ਵੈਕਸੀਨ ਨਾ ਲਗਵਾਉਣ ਦੀ ਸੂਰਤ ’ਚ ਰੈਗੂਲਰ ਹਫਤਾਵਾਰੀ ਕੋਰੋਨਾ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ। ਇਸ ਹੁਕਮ ’ਚ ਅਧਿਆਪਕ ਅਤੇ ਸਕੂਲ ਦੇ ਸਾਰੇ ਕਰਮਚਾਰੀ, ਜਿਨ੍ਹਾਂ ’ਚ ਸਹਿਯੋਗੀ ਅਤੇ ਬੱਸ ਡਰਾਈਵਰ ਵੀ ਸ਼ਾਮਲ ਹਨ, ਨੂੰ ਆਪਣੇ ਸਕੂਲ ਡਿਸਟਿ੍ਰਕਟ ’ਚ ਟੀਕਾਕਰਨ ਦੀ ਸਥਿਤੀ ਦਾ ਸਬੂਤ ਦਿਖਾਉਣਾ ਜ਼ਰੂਰੀ ਹੈ।
ਸਟੇਟ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਇਹ ਨਵੀਂ ਨੀਤੀ ਪਬਲਿਕ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ’ਤੇ ਲਾਗੂ ਹੁੰਦੀ ਹੈ ਅਤੇ 8,00,000 ਤੋਂ ਵੱਧ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ’ਚ ਲਗਭਗ 3,20,000 ਪਬਲਿਕ ਸਕੂਲ ਦੇ ਅਧਿਆਪਕ ਅਤੇ ਸਹਾਇਤਾ ਕਰਮਚਾਰੀ, ਜਿਵੇਂ ਕਿ ਕੈਫੇਟੇਰੀਆ ਕਰਮਚਾਰੀ ਅਤੇ ਕਲੀਨਰ ਸ਼ਾਮਲ ਹਨ। ਇਹ ਹੁਕਮ ਸਕੂਲ ਵਾਲੰਟੀਅਰਾਂ ’ਤੇ ਵੀ ਲਾਗੂ ਹੋਵੇਗਾ। ਇਸ ਹੁਕਮ ਅਨੁਸਾਰ ਸਕੂਲ ਅਤੇ ਸਕੂਲ ਨਾਲ ਸਬੰਧਿਤ ਹੋਰ ਕਰਮਚਾਰੀ 15 ਅਕਤੂਬਰ ਤੱਕ ਇਸ ਦੀ ਪਾਲਣਾ ਕਰਨ। ਸਟੇਟ ਦੇ ਕਈ ਵੱਡੇ ਸਕੂਲੀ ਜ਼ਿਲ੍ਹਿਆਂ ਨੇ ਹਾਲ ਹੀ ਦੇ ਦਿਨਾਂ ’ਚ ਅਜਿਹੀਆਂ ਜ਼ਰੂਰਤਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ’ਚ ਸਾਨ ਫਰਾਂਸਿਸਕੋ, ਓਕਲੈਂਡ, ਸੈਨਹੋਜ਼ੇ ਅਤੇ ਲਾਂਗ ਬੀਚ ਯੂਨੀਫਾਈਡ ਆਦਿ ਸਕੂਲ ਡਿਸਟਿ੍ਰਕਟ ਸ਼ਾਮਲ ਹਨ।

Share