ਕੈਲੀਫੋਰਨੀਆ ਦੇ ਇਕ ਘਰ ’ਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ 5 ਮੌਤਾਂ

460
Share

-ਮਿ੍ਰਤਕਾਂ ’ਚ ਸ਼ੱਕੀ ਦੋਸ਼ੀ ਵੀ ਸ਼ਾਮਲ
ਸੈਕਰਾਮੈਂਟੋ, 27 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕੈਲੀਫੋਰਨੀਆ ਦੀ ਸੈਨ ਵਾਕਿਨ ਵੈਲੀ ਦੇ ਇਕ ਘਰ ’ਚ ਇਕ ਸ਼ੱਕੀ ਵਿਅਕਤੀ ਨੇ 3 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ਉਪਰ ਪੁੱਜੀ ਪੁਲਿਸ ਨੇ ਜਦੋਂ ਘਰ ’ਚ ਵੜਨ ਦੀ ਕੋਸ਼ਿਸ਼ ਕੀਤੀ, ਤਾਂ ਇਕ ਡਿਪਟੀ ਸ਼ੈਰਿਫ ਵੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮਿ੍ਰਤਕਾਂ ’ਚ ਸ਼ੱਕੀ ਦੋਸ਼ੀ ਵੀ ਸ਼ਾਮਿਲ ਹੈ। ਕੇਰਨ ਕਾਊਂਟੀ ਦੇ ਪੁਲਿਸ ਅਧਿਕਾਰੀ ਜੋਇਲ ਸਵੈਨਸਨ ਨੇ ਇਹ ਜਾਣਕਾਰੀ ਦਿੱਤੀ ਹੈ। ਮਾਰੇ ਗਏ ਡਿਪਟੀ ਦਾ ਨਾਂ ਅਜੇ ਨਹੀਂ ਦੱਸਿਆ ਗਿਆ। ਵਾਸਕੋ ਦੇ ਮੇਅਰ ਏਰਿਕ ਗਾਰਸੀਆ ਨੇ ਦੱਸਿਆ ਕਿ ਗੋਲੀਬਾਰੀ ’ਚ ਇਕ ਡਿਪਟੀ ਸ਼ੈਰਿਫ ਜ਼ਖਮੀ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਮੈਨੂੰ ਮਿ੍ਰਤਕ ਪੁਲਿਸ ਅਧਿਕਾਰੀ ਤੇ ਜ਼ਖਮੀ ਪੁਲਿਸ ਅਧਿਕਾਰ ਦੇ ਪਰਿਵਾਰ ਦੀ ਚਿੰਤਾ ਹੈ। ਮੁੱਢਲੀ ਰਿਪੋਰਟ ਅਨੁਸਾਰ ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਘਰ ’ਚ ਵੜਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਉਪਰ ਗੋਲੀਆਂ ਚਲਾਈਆਂ ਗਈਆਂ ਪਰ ਪੁਲਿਸ ਦਾ ਬਚਾਅ ਹੋ ਗਿਆ। ਉਪਰੰਤ ਹਾਲਾਤ ਨਾਲ ਨਜਿਠਣ ਲਈ ਵਿਸ਼ੇਸ਼ ਟੀਮ ਸੱਦੀ ਗਈ। ਜਦੋਂ ਇਸ ਟੀਮ ਦੇ ਅਧਿਕਾਰੀ ਘਰ ’ਚ ਦਾਖਲ ਹੋਏ, ਤਾਂ ਸ਼ੱਕੀ ਵਿਅਕਤੀ ਨੇ ਉਨ੍ਹਾਂ ਉਪਰ ਅੰਧਾਧੁੰਦ ਗੋਲੀਆਂ ਚਲਾਈਆਂ, ਜਿਸ ਦੌਰਾਨ ਇਕ ਡਿਪਟੀ ਸ਼ੈਰਿਫ ਮਾਰਿਆ ਗਿਆ ਤੇ ਇਕ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਮਝਿਆ ਜਾਂਦਾ ਹੈ ਕਿ ਸ਼ੱਕੀ ਹਮਲਾਵਰ ਦੀ ਮੌਤ ਵਿਸ਼ੇਸ਼ ਟੀਮ ਵੱਲੋਂ ਚਲਾਈਆਂ ਗੋਲੀਆਂ ਨਾਲ ਹੋਈ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਆਸ-ਪਾਸ ਦੇ ਲੋਕਾਂ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ।

Share