ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ’ਚ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਖੋਲ੍ਹਿਆ ਰਾਹਤ ਕੇਂਦਰ

206
Share

ਫਰਿਜ਼ਨੋ, 2 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਦੀਆਂ ਕਾਉਂਟੀਆਂ ਦੁਆਰਾ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਨ੍ਹਾਂ ਜੰਗਲੀ ਅੱਗਾਂ ਨਾਲ ਜਿੱਥੇ ਵੱਡੇ ਪੱਧਰ ’ਤੇ ਤਬਾਹੀ ਹੁੰਦੀ ਹੈ, ਉੱਥੇ ਹੀ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਵੀ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਹੀ ਮੁਸ਼ਕਿਲ ਦਾ ਸਾਹਮਣਾ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਚ ਜੰਗਲੀ ਅੱਗ ਕਾਰਨ ਕੇਰਕਫ ਝੀਲ ਦੇ ਨੇੜਲੇ ਵਸਨੀਕ ਕਰ ਰਹੇ ਹਨ। ਕੈਲ ਫਾਇਰ ਦੇ ਅਧਿਕਾਰੀਆਂ ਅਨੁਸਾਰ ਇਹ ਜੰਗਲੀ ਅੱਗ ਜਿਸ ਦਾ ਨਾਮ ‘ਸਮੈਲੀ ਫਾਇਰ’ ਹੈ, ਦੇ ਨਾਲ 45 ਏਕੜ ਸੜ ਗਏ ਹਨ। ਫਾਇਰ ਡਿਪਾਰਟਮੈਂਟ ਦੇ ਕਰਮਚਾਰੀ ਉੱਤਰੀ ਫੋਰਕ ਦੇ ਬਿਲਕੁਲ ਦੱਖਣ ਵਿਚ, ਰੋਡ 222 ਦੇ ਨੇੜੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਕੋਰੀਨ ਲੇਕ ਰੋਡ ਖੇਤਰ ਹੇਠਾਂ ਸਾਰੇ ਵਸਨੀਕ ਘਰ ਖਾਲੀ ਕਰਨ ਦੇ ਹੁਕਮਾਂ ਅਧੀਨ ਹਨ।
ਇਸ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਰੈੱਡ ਕਰਾਸ ਵੱਲੋਂ ਇੱਕ ਰਾਹਤ ਕੇਂਦਰ ਖੋਲ੍ਹਿਆ ਗਿਆ ਹੈ। ਰੈੱਡ ਕਰਾਸ ਨੇ 39800 ਰੋਡ 425 ਬੀ ’ਤੇ ਸਥਿਤ ਓਖੁਰਸਟ ਕਮਿਊਨਿਟੀ ਸੈਂਟਰ ਵਿਚ ਆਪਣਾ ਇੱਕ ਰਾਹਤ ਕੇਂਦਰ ਖੋਲ੍ਹਿਆ ਹੈ। ਇਸ ਕੇਂਦਰ ਵਿਚ ਰੈੱਡ ਕਰਾਸ ਦੇ ਵਲੰਟੀਅਰ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਇਸ ਵਿਚ ਲੋਕਾਂ ਲਈ ਅਸਥਾਈ ਰਿਹਾਇਸ਼ ਦੇ ਨਾਲ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

Share