ਕੈਲੀਫੋਰਨੀਆ ਦੀਆਂ 7 ਕਾਊਂਟੀਆਂ ਖੋਲ੍ਹਣ ਦੀ ਇਜਾਜ਼ਤ

821

-ਸਟੇਜ-2 ਤਹਿਤ ਖੋਲ੍ਹੀਆਂ ਜਾ ਰਹੀਆਂ ਹਨ ਇਹ ਕਾਊਂਟੀਆਂ
ਸੈਕਰਾਮੈਂਟੋ, 13 ਮਈ (ਪੰਜਾਬ ਮੇਲ)- ਗਵਰਨਰ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੀਆਂ 7 ਕਾਊਂਟੀਆਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਵਿਚ ਐਲ ਡੋਰਾਡੋ, ਐਮਾਡੋਰ, ਬਿਊਟ, ਨਵਾਡਾ, ਪਲੇਸਰ, ਸ਼ਾਸਤਾ ਅਤੇ ਲੈਸਨ, ਕਾਊਂਟੀਆਂ ਉੱਤਰੀ ਕੈਲੀਫੋਰਨੀਆ ਵਿਚ ਮੌਜੂਦ ਹਨ। ਇਨ੍ਹਾਂ ਥਾਵਾਂ ‘ਤੇ ਹੁਣ ਰੈਸਟੋਰੈਂਟ ਅਤੇ ਆਮ ਸਟੋਰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਪਰ ਜਿਮ, ਫਿਟਨੈੱਸ ਸਟੂਡੀਓ, ਨੇਲ ਸਲੂਨ, ਮੂਵੀ ਥੀਏਟਰ, ਕਸੀਨੋ, ਮਿਊਜ਼ੀਅਮ, ਚਿੜ੍ਹੀਆਘਰ, ਲਾਇਬ੍ਰੇਰੀ, ਕਮਿਊਨਿਟੀ ਸੈਂਟਰ, ਪਬਲਿਕ ਪੂਲ, ਖੇਡ ਮੈਦਾਨ, ਪਿਕਨਿਕ ਖੇਤਰ, ਨਾਈਟ ਕਲੱਬ, ਫੈਸਟੀਵਲ, ਥੀਮ ਪਾਰਕ, ਹੋਟਲ ਆਦਿ ਹਾਲੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਕੋਵਿਡ-19 ਦੇ ਚੱਲਦਿਆਂ ਕੈਲੀਫੋਰਨੀਆ ‘ਚ ਖੁੱਲ੍ਹਣ ਵਾਲੀਆਂ ਇਹ ਕਾਊਂਟੀਆਂ ਸਟੇਜ-2 ਤਹਿਤ ਖੋਲ੍ਹੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ 27 ਹੋਰ ਕਾਊਂਟੀਆਂ ਵੀ ਜਲਦ ਹੀ ਖੋਲ੍ਹੀਆਂ ਜਾਣਗੀਆਂ।
ਗਵਰਨਰ ਗੈਵਿਨ ਨਿਊਸਮ ਦਾ ਕਹਿਣਾ ਹੈ ਕਿ ਕੋਵਿਡ-19 ਦੇ ਖਤਰੇ ਨੂੰ ਦੇਖਦਿਆਂ ਹੋਇਆਂ ਪੜਾਅਵਾਰ ਕਾਊਂਟੀਆਂ ਖੋਲ੍ਹੀਆਂ ਜਾਣਗੀਆਂ। ਜਿੱਥੇ ਇਸ ਦਾ ਅਸਰ ਜ਼ਿਆਦਾ ਹੈ, ਉਥੇ ਹਾਲੇ ਇਸ ਬਾਰੇ ਵਿਚਾਰ ਕੀਤਾ ਜਾਵੇਗਾ।