ਕੈਲੀਫੋਰਨੀਆ: ਜੰਗਲੀ ਅੱਗਾਂ ਨੂੰ ਕਾਬੂ ਕਰ ਰਹੇ ਹਨ, 13,000 ਤੋਂ ਵੱਧ ਅੱਗ ਬੁਝਾਊ ਕਾਮੇ

370
Share

ਫਰਿਜ਼ਨੋ, 26 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਇੱਕ ਦਰਜਨ ਦੇ ਕਰੀਬ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਹਨਾਂ ਜੰਗਲੀ ਅੱਗਾਂ ਨੂੰ ਕਾਬੂ ਕਰਨ ਲਈ ਸੋਮਵਾਰ ਨੂੰ 13,500 ਤੋਂ ਵੱਧ ਫਾਇਰਫਾਈਟਰ ਕੰਮ ਕਰ ਰਹੇ ਸਨ। ਕੈਲੀਫੋਰਨੀਆ ਵਿੱਚ ਜੰਗਲ ਦੀਆਂ ਅੱਗਾਂ ਨੇ ਸੈਂਕੜੇ ਘਰ ਤਬਾਹ ਕਰ ਦਿੱਤੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਲਈ ਘਰਾਂ ਤੋਂ ਭੱਜਣ ਲਈ ਮਜਬੂਰ ਕੀਤਾ ਹੈ। ਸੂਬੇ ਵਿੱਚ ਇਹਨਾਂ ਅੱਗਾਂ ਤੋਂ ਹੋਏ ਨੁਕਸਾਨ ਦੀ ਸਮੀਖਿਆ ਤੋਂ ਬਾਅਦ, ਗਵਰਨਰ ਗੈਵਿਨ ਨਿਊਸਮ ਨੇ ਅੱਠ ਕਾਉਂਟੀਆਂ ਲਈ ਰਾਸ਼ਟਰਪਤੀ ਕੋਲੋਂ ਇੱਕ ਵੱਡੀ ਆਫਤ ਦੀ ਘੋਸ਼ਣਾ ਕਰਨ ਦੀ ਬੇਨਤੀ ਕੀਤੀ ਹੈ। ਜੇ ਇਸ ਘੋਸ਼ਣਾ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤਾਂ ਕੇਂਦਰ ਸਰਕਾਰ ਵੱਲੋਂ ਘਰੇਲੂ ਸਹਾਇਤਾ, ਭੋਜਨ ਸਹਾਇਤਾ, ਬੇਰੁਜ਼ਗਾਰੀ ਅਤੇ ਸਰਕਾਰੀ ਐਮਰਜੈਂਸੀ ਸਮੇਤ ਕਈ ਹੋਰ ਤਰੀਕਿਆਂ ਨਾਲ ਸੂਬੇ ਦੀ ਸਹਾਇਤਾ ਕੀਤੀ ਜਾਵੇਗੀ। ਪ੍ਰਸ਼ਾਸਨ ਅਨੁਸਾਰ ਜੰਗਲੀ ਅੱਗਾਂ ਕਾਰਨ ਲਗਭਗ 43,000 ਕੈਲੀਫੋਰਨੀਆ ਵਾਸੀਆਂ ਨੂੰ ਘਰ ਛੱਡਣ ਦੇ ਆਦੇਸ਼ਾਂ ਦੇ ਇਲਾਵਾ 500 ਤੋਂ ਵੱਧ ਪਰਿਵਾਰਾਂ ਨੂੰ ਸ਼ੈਲਟਰਾਂ ਵਿੱਚ ਰੱਖਿਆ ਗਿਆ। ਮੌਸਮ ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਪਿਛਲੇ 30 ਸਾਲਾਂ ਵਿੱਚ ਪੱਛਮੀ ਅਮਰੀਕਾ ਨੂੰ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ , ਜਿਸ ਕਾਰਨ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਹਨ। ਇਹਨਾਂ ਅੱਗਾਂ ਨੂੰ ਰੋਕਣ ਲਈ ਹਜਾਰਾਂ ਅੱਗ ਬੁਝਾਊ ਕਾਮਿਆਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਆ ਕਾਰਜ ਕੀਤੇ ਜਾ ਰਹੇ ਹਨ।


Share