ਕੈਲੀਫੋਰਨੀਆ ਜੰਗਲਾਂ ਨੂੰ ਲੱਗੀ ਅੱਗ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਤੇ ਪੁਰਾਣੇ ਦਰੱਖਤਾਂ ਨੂੰ ਪੈਦਾ ਹੋਇਆ ਖਤਰਾ¿;

348
Share

* ਅੱਗ ਬੁਝਾਊ ਅਮਲੇ ਨੇ ਦਰੱਖਤਾਂ ਦੁਆਲੇ ਵਿਸ਼ੇਸ਼ ਤਰ੍ਹਾਂ ਦੀ ਧਾਤ ਨਾਲ ਤਿਆਰ ਚਾਦਰਾਂ ਲਪੇਟੀਆਂ
ਸੈਕਰਾਮੈਂਟੋ, 20 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਵਿਸ਼ਾਲ ਜੰਗਲ ’ਚ ਸਥਿਤ ਸੇਕੂਆ ਨੈਸ਼ਨਲ ਪਾਰਕ ਤੱਕ ਪੁੱਜ ਗਈ ਹੈ, ਜਿਸ ਕਾਰਨ ਇਸ ਪਾਰਕ ਵਿਚਲੇ ਵਿਸ਼ਵ ਦੇ ਸਭ ਤੋਂ ਵੱਡੇ ਤੇ ਪੁਰਾਣੇ ਦਰੱਖਤਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਜੋ 21777 ਏਕੜ ’ਚ ਫੈਲ ਚੁੱਕੀ ਹੈ, ਚਾਰ ਗਾਰਡਜਮੈਨ ਖੇਤਰ ’ਚ ਪਹੁੰਚ ਗਈ ਹੈ, ਜਿਥੇ ਪਿਛਲੇ ਦਿਨਾਂ ਵਿਚ ਅੱਗ ਬੁਝਾਊ ਅਮਲੇ ਨੇ ਦਰੱਖਤਾਂ ਨੂੰ ਬਚਾਉਣ ਲਈ ਕਈ ਕਦਮ ਉਠਾਏ ਹਨ। ਦਰੱਖਤਾਂ ਦੁਆਲੇ ਇਕ ਖਾਸ ਕਿਸਮ ਦੀ ਧਾਤ ਦੀਆਂ ਚਾਦਰਾਂ ਲਪੇਟੀਆਂ ਗਈਆਂ ਹਨ, ਜਿਨ੍ਹਾਂ ਉਪਰ ਅੱਗ ਅਸਰ ਨਹੀਂ ਕਰਦੀ। ਕੇ.ਐੱਨ.ਪੀ. ਕੰਪਲੈਕਸ ਤੱਕ ਪਹੁੰਚੀ ਅੱਗ ਦੇ ਅੱਗੇ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਚਿਤਾਵਨੀ ਵਜੋਂ ਆਲੇ-ਦੁਆਲੇ ਲਾਲ ਝੰਡੇ ਲਾ ਦਿੱਤੇ ਗਏ ਹਨ। ਅਧਿਕਾਰੀਆਂ ਅਨੁਸਾਰ 600 ਤੋਂ ਵਧ ਮੁਲਾਜ਼ਮ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਅੱਗ ਇਸ ਮਹੀਨੇ ਦੇ ਸ਼ੁਰੂ ’ਚ ਤਿੰਨ ਥਾਵਾਂ ’ਤੇ ਲੱਗੀ ਸੀ। ਨੈਸ਼ਨਲ ਪਾਰਕ ਸਰਵਿਸ ਅਨੁਸਾਰ ਇਨ੍ਹਾਂ ਵਿਚੋਂ ਇਕ ਜਗ੍ਹਾ ’ਤੇ ਅੱਗ ਨੂੰ ਮੁਕੰਮਲ ਰੂਪ ’ਚ ਬੁਝਾ ਦਿੱਤਾ ਗਿਆ ਹੈ ਪਰੰਤੂ ਬਾਕੀ ਦੋ ਸਥਾਨਾਂ ਉਪਰ ਅੱਗ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ। ਸੇਕੂਆ ਨੈਸ਼ਨਲ ਪਾਰਕ ਅਜੇ ਖੁੱਲ੍ਹਾ ਹੈ ਪਰ ਇਸ ਖੇਤਰ ਵਿਚ ਹਵਾ ਦੀ ਗੁਣਵਤਾ ਖਰਾਬ ਹੋ ਚੁੱਕੀ ਹੈ। ਇਥੇ ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਦੱਖਣੀ ਸੀਰਾ ਨੇਵਾਡਾ ਪਹਾੜੀ ਦੀਆਂ ਪੱਛਮੀ ਢਲਾਨਾਂ ਉਪਰ ਸੇਕੂਆ ਦਰੱਖਤ ਕੁੱਦਰਤੀ ਤੌਰ ’ਤੇ ਉੱਗੇ ਹਨ ਤੇ ਇਹ ਦਰੱਖਤ 200 ਫੁੱਟ ਤੋਂ ਵਧ ਲੰਬੇ ਹਨ ਤੇ 3000 ਸਾਲ ਪੁਰਾਣੇ ਹਨ। ਸੇਕੂਆ ਨੈਸ਼ਨਲ ਪਾਰਕ ਦੇ ਸੁਪਰਡੈਂਟ ਕਲੇਟਨ ਜੋਰਡਨ ਨੇ ਕਿਹਾ ਹੈ ਕਿ ਸਾਡਾ ਮੁੱਢਲਾ ਕੰਮ ਲੋਕਾਂ ਨੂੰ ਅੱਗ ਤੋਂ ਬਚਾਉਣ ਦਾ ਹੈ। ਅੱਗ ਬੁਝਾਊ ਅਮਲਾ ਲੋਕਾਂ ਦੀ ਹਿਫਾਜ਼ਤ ਵਿਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਪਾਰਕ ਦੇ ਸਟਾਫ ਦੀ ਅਗਵਾਈ ’ਚ ਇਕ ਵਿਸ਼ੇਸ਼ ਟੀਮ ਸੱਦੀਆਂ ਪੁਰਾਣੇ ਖਾਸ ਕਿਸਮ ਦੇ ਦਰੱਖਤਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।

Share