ਕੈਲੀਫੋਰਨੀਆ ’ਚ ਸੋਕੇ ਨੇ ਜੀਣਾ ਕੀਤਾ ਮੁਹਾਲ, ਪਾਣੀ ਦੀ ਚੋਰੀ ਵਧੀ

455
ਕੈਲੀਫੋਰਨੀਆ ਦੀ ਓਰੋਵਿਲੇ ਨਹਿਰ ਦੀ ਖਿੱਚੀ ਇਕ ਤਾਜ਼ਾ ਤਸਵੀਰ, ਜਿਸ ’ਚ ਨਹਿਰ ਬਿਲਕੁੱਲ ਸੁੱਕੀ ਨਜ਼ਰ ਆ ਰਹੀ ਹੈ।
Share

ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ’ਚ ਨਹਿਰਾਂ ਸੁੱਕ ਗਈਆਂ ਹਨ ਤੇ ਪਾਣੀ ਦੀ ਕਿੱਲਤ ਵਧ ਗਈ ਹੈ, ਜਿਸ ਕਾਰਨ ਪਾਣੀ ਦੀ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਚੋਰ ਕਾਨੂੰਨੀ ਪਾਣੀ ਦੇ ਭੰਡਾਰਾਂ ਵਿਚੋਂ ਅਰਬਾਂ ਗੈਲਨ ਪਾਣੀ ਦੇ ਚੋਰੀ ਕਰਕੇ ਲੈ ਗਏ ਹਨ। ਰਾਜ ਪੱਧਰ ਦੇ ਤੇ ਸਥਾਨਕ ਅਧਿਕਾਰੀਆਂ ਅਨੁਸਾਰ ਪਾਣੀ ਦੀ ਚੋਰੀ ਕੋਈ ਨਵਾਂ ਮੁੱਦਾ ਨਹੀਂ ਹੈ ਪਰੰਤੂ ਇਸ ਸਮੇਂ ਸੋਕੇ ਕਾਰਨ ਪਾਣੀ ਦੀ ਚੋਰੀ ਰਿਕਾਰਡ ਪੱਧਰ ਉਪਰ ਵਧ ਗਈ ਹੈ। ਚੋਰ ਆਪਣੀ ਭੰਗ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਫਸਲ ਨੂੰ ਪਾਣੀ ਦੇਣ ਲਈ ਚੋਰੀ ਕਰਦੇ ਹਨ। ਕੈਲੀਫੋਰਨੀਆ ਦੇ ਫਿਸ਼ ਐਂਡ ਵਾਇਲਡ ਲਾਈਫ ਮੈਰੀਜੁਆਨਾ ਇਨਫੋਰਸਮੈਂਟ ਟੀਮ ਦੇ ਸਾਬਕਾ ਮੁੱਖੀ ਜੌਹਨ ਨੋਰਸ ਨੇ ਇਕ ਬਿਆਨ ’ਚ ਕਿਹਾ ਹੈ ਕਿ ਪਾਣੀ ਦੀ ਚੋਰੀ ਦਾ ਮੁੱਦਾ ਕਦੀ ਵੀ ਏਨਾ ਗੰਭੀਰ ਨਹੀਂ ਰਿਹਾ, ਜਿੰਨਾ ਅੱਜ ਹੈ। ਇਹ ਚੋਰੀ ਆਮ ਕਰਕੇ ਦਿਹਾਤੀ ਖੇਤਰਾਂ ’ਚ ਹੁੰਦੀ ਹੈ। ਜੌਹਨ ਅਨੁਸਾਰ ਇਕ ਮੋਟੇ ਅੰਦਾਜ਼ੇ ਅਨੁਸਾਰ ਰਾਜ ’ਚ 2013 ਤੋਂ ਲੈ ਕੇ 12 ਅਰਬ ਗੈਲਨ ਪਾਣੀ ਦੀ ਚੋਰੀ ਹੋਈ ਹੈ। ਇਸ ਚੋਰੀ ਕਾਰਨ ਕਾਨੂੰਨੀ ਖੇਤੀ ਕਰਨ ਵਾਲੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਚੋਰ ਡਰਾ-ਧਮਕਾ ਕੇ ਵੀ ਪਾਣੀ ਦੀ ਚੋਰੀ ਕਰਦੇ ਹਨ। ਇਥੇ ਜ਼ਿਕਰਯੋਗ ਹੈ ਕਿ ਸੋਕੇ ਕਾਰਨ ਹੀ ਕੈਲੀਫੋਰਨੀਆ ਦੇ ਜੰਗਲਾਂ ’ਚ ਇਸ ਸਾਲ ਅੱਗਾਂ ਲੱਗਣ ਦੀਆਂ ਕਈ ਘਟਨਾਵਾਂ ਹੋਈਆਂ ਹਨ। ਹਜ਼ਾਰਾਂ ਏਕੜ ਜੰਗਲ ਸੜ ਕੇ ਸਵਾਹ ਹੋ ਗਏ ਹਨ।

Share