ਕੈਲੀਫੋਰਨੀਆ ’ਚ ਸਪਲਾਈ ਘਟਣ ਕਾਰਨ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪੁੱਜੀਆਂ

212
Share

* ਕੱਚੇ ਤੇਲ ਦੀ ਵਧੀ ਕੀਮਤ ਨੇ ਵੀ ਕੀਤਾ ਪ੍ਰਭਾਵਿਤ * ਘੱਟ ਆਮਦਨੀ ਵਾਲੇ ਪਰਿਵਾਰ ਪ੍ਰਭਾਵਿਤ
ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ’ਚ ਵਧ ਰਹੀਆਂ ਗੈਸ ਦੀਆਂ ਕੀਮਤਾਂ ਨੇ ਖਪਤਕਾਰਾਂ ਉਪਰ ਨਵਾਂ ਵਿੱਤੀ ਬੋਝ ਪਾ ਦਿੱਤਾ ਹੈ। ਵਿਸ਼ੇਸ਼ ਕਰਕੇ ਘੱਟ ਆਮਦਨੀ ਵਾਲੇ ਲੋਕਾਂ ਉਪਰ ਅਸਰ ਪੈ ਰਿਹਾ ਹੈ। ਲੰਘੇ ਐਤਵਾਰ ਗੈਸ ਦੀ ਕੀਮਤ ਰਿਕਾਰਡ 4.676 ਡਾਲਰ ਪ੍ਰਤੀ ਗੈਲਨ ’ਤੇ ਪੁੱਜ ਗਈ। ਅਮਰੀਕਨ ਆਟੋਮੋਬਾਇਲ ਐਸੋਸੀਏਸ਼ਨ ਅਨੁਸਾਰ ਇਸ ਤੋਂ ਪਹਿਲਾਂ ਗੈਸ ਦੀ ਕੀਮਤ ਵਿਚ ਅਕਤਬੂਰ 2012 ’ਚ ਰਿਕਾਰਡ ਵਾਧਾ ਹੋਇਆ ਸੀ ਤੇ ਔਸਤ ਕੀਮਤ 4.671 ਡਾਲਰ ’ਤੇ ਪੁੱਜ ਗਈ ਸੀ ਪਰੰਤੂ ਇਸ ਸਮੇ ਗੈਸ ਦੀ ਕੀਮਤ ਅਕਤੂਬਰ 2012 ਦੇ ਪੱਧਰ ਨੂੰ ਵੀ ਪਾਰ ਕਰ ਗਈ ਹੈ। ਇਸ ਸਮੇਂ ਅਮਰੀਕਾ ਦੇ ਸਭ ਤੋਂ ਵਧ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਵਿਚ ਪੂਰੇ ਦੇਸ਼ ਨਾਲੋਂ ਗੈਸ ਦੀ ਵਧ ਕੀਮਤ ਖਪਤਕਾਰਾਂ ਨੂੰ ਦੇਣੀ ਪੈ ਰਹੀ ਹੈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਉੱਤਰੀ ਕੈਲੀਫੋਰਨੀਆ ’ਚ ਪਈ ਭਾਰੀ ਬਾਰਿਸ਼ ਤੇ ਤੂਫਾਨ ਨੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦਾ ਅਸਰ ਦੱਖਣੀ ਕੈਲੀਫੋਰਨੀਆ ਉਪਰ ਵੀ ਪਿਆ ਹੈ। ਬਿਲਕੁੱਲ ਇਸੇ ਤਰ੍ਹਾਂ ਲੁਸਿਆਨਾ ਵਿਚ ਵੀ ਆਏ ਤੂਫਾਨ ਕਾਰਨ ਹੋਇਆ ਸੀ। ਦੱਖਣੀ ਕੈਲੀਫੋਰਨੀਆ ਦੀ ਆਟੋਮੋਬਾਇਲ ਕਲੱਬ ਦੇ ਕਾਰਪੋਰੇਟ ਕਮਿਊਨੀਕੇਸ਼ਨ ਮੈਨੇਜਰ ਜੈਫਰੀ ਸਪਰਿੰਗ ਨੇ ਇਸ ਸਬੰਧੀ ਕਿਹਾ ਹੈ ਕਿ ਸਪਲਾਈ ਦੀ ਸੁਸਤ ਰਫਤਾਰ ਕਾਰਨ ਗੈਸ ਦੀ ਕੀਮਤ ਵਧੀ ਹੈ। ਉਨ੍ਹਾਂ ਕਿਹਾ, ਜਦੋਂ ਤੱਕ ਉੱਤਰੀ ਕੈਲੀਫੋਰਨੀਆ ਵਿਚਲੀਆਂ ਤੇਲ ਸੋਧਕ ਇਕਾਈਆਂ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰਨਗੀਆਂ, ਉਦੋਂ ਤੱਕ ਇਹ ਸੰਕਟ ਰਹਿ ਸਕਦਾ ਹੈ। ਐਸੋਸੀਏਸ਼ਨ ਦੇ ਬੁਲਾਰੇ ਡੱਗ ਸ਼ੂਪ ਅਨੁਸਾਰ ਉੱਤਰੀ ਕੈਲੀਫੋਰਨੀਆ ਦੇ ਹਮਬੋਲਡਟ ਕਾਊਂਟੀ ਸਮੇਤ ਕੁਝ ਖੇਤਰਾਂ ’ਚ ਗੈਸ ਦੀ ਕੀਮਤ 5 ਡਾਲਰ ਪ੍ਰਤੀ ਗੈਲਨ ਤੱਕ ਪੁੱਜ ਗਈ ਹੈ। ਹਮਬੋਲਟ ਕਾਊਂਟੀ ਵਿਚ ਲੰਘੇ ਐਤਵਾਰ ਔਸਤ ਕੀਮਤ 4.968 ਡਾਲਰ ਸੀ। ਬੇ ਏਰੀਆ ’ਚ ਕੀਮਤ 4.80 ਡਾਲਰ ਤੋਂ ਵਧ ਸੀ। ਸ਼ੂਪ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਡਰਾਈਵਰਾਂ ਨੂੰ ਪ੍ਰਤੀ ਗੈਲਨ 1.50 ਡਾਲਰ ਵਧ ਦੇਣੇ ਪੈ ਰਹੇ ਹਨ। ਇਸ ਤਰ੍ਹਾਂ ਇਕ 14 ਗੈਲਨ ਦੀ ਸਮਰੱਥਾ ਵਾਲੀ ਟੈਂਕੀ ਨੂੰ ਭਰਵਾਉਣ ਵਾਸਤੇ ਪਿਛਲੇ ਸਾਲ ਦੀ ਤੁਲਨਾ ’ਚ 21 ਡਾਲਰ ਵਧ ਦੇਣੇ ਪੈ ਰਹੇ ਹਨ। ਸ਼ੂਪ ਅਨੁਸਾਰ ਗੈਸ ਕੀਮਤ ਵਧਣ ਦਾ ਬੁਨਿਆਦੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਹੋਇਆ ਵਾਧਾ ਹੈ। ਉਨ੍ਹਾਂ ਕਿਹਾ ਕਿ ਇਸ ਸਰਦ ਰੁੱਤ ਦੌਰਾਨ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਕਮਰਿਆਂ ਨੂੰ ਗਰਮ ਰੱਖਣ ਵਾਸਤੇ ਵਧ ਕੀਮਤ ਤਾਰਨੀ ਪਵੇਗੀ।

Share