ਕੈਲੀਫੋਰਨੀਆ ’ਚ ਸਕੂਲੀ ਵਿਦਿਆਰਥੀਆਂ ਲਈ ਜ਼ਰੂਰੀ ਹੋਵੇਗੀ ਕੋਵਿਡ ਵੈਕਸੀਨ

368
Share

ਫਰਿਜ਼ਨੋ, 2 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਸਟੇਟ ਕੈਲੀਫੋਰਨੀਆ ’ਚ ਸਕੂਲੀ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਲਾਗੂ ਕੀਤੀ ਜਾਵੇਗੀ, ਜਿਸ ਨਾਲ ਕੈਲੀਫੋਰਨੀਆ ਵਿਦਿਆਰਥੀਆਂ ਲਈ ਕੋਵਿਡ-19 ਟੀਕੇ ਲਾਜ਼ਮੀ ਕਰਨ ਵਾਲਾ, ਦੇਸ਼ ਦਾ ਪਹਿਲਾਂ ਰਾਜ ਬਣ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁੱਕਰਵਾਰ ਸਵੇਰੇ ਸਾਨ ਫਰਾਂਸਿਸਕੋ ਦੇ ਬਾਲਬੋਆ ਪਾਰਕ ਨੇੜਲੇ ਇਲਾਕੇ ਦੇ ਡੈਨਮੈਨ ਮਿਡਲ ਸਕੂਲ ’ਚ ਇਸ ਜ਼ਰੂਰਤ ਲਈ ਐਲਾਨ ਕੀਤਾ।
ਗਵਰਨਰ ਅਨੁਸਾਰ ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਵੱਖੋ-ਵੱਖਰੇ ਉਮਰ ਸਮੂਹਾਂ ਲਈ ਵੈਕਸੀਨ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੋਵਿਡ ਟੀਕਾ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ’ਚ ਸਕੂਲ ਜਾਣ ਲਈ ਲੋੜੀਂਦੇ ਟੀਕਿਆਂ ਦੀ ਸੂਚੀ ’ਚ ਸ਼ਾਮਲ ਕੀਤਾ ਜਾਵੇਗਾ। ਮੌਜੂਦਾ ਸਮੇਂ ਫਾਈਜ਼ਰ ਦੀ ਕੋਵਿਡ ਵੈਕਸੀਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐੱਫ.ਡੀ.ਏ. ਦੁਆਰਾ ਮਨਜ਼ੂਰਸ਼ੁਦਾ ਹੈ, ਜਦਕਿ ਇਸ ਲਈ ਸਿਰਫ 12 ਤੋਂ 15 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਅਧਿਕਾਰ ਦਿੱਤੇ ਗਏ ਹਨ।
ਐੱਫ.ਡੀ.ਏ. ਦੁਆਰਾ ਇਸ ਉਮਰ ਸਮੂਹ ਲਈ ਟੀਕੇ ਦੀ ਵਰਤੋਂ ਨੂੰ ਪੂਰਾ ਅਧਿਕਾਰ ਦਿੱਤੇ ਜਾਣ ਦੇ ਬਾਅਦ ਕੈਲੀਫੋਰਨੀਆ ’ਚ 7 ਤੋਂ 12 ਗ੍ਰੇਡ ਦੇ ਵਿਦਿਆਰਥੀਆਂ ਨੂੰ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ’ਚ ਟੀਕੇ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਸੂਬੇ ’ਚ ਕਿੰਡਰਗਾਰਡਨ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੋਵਿਡ-19 ਟੀਕੇ ਦੀ ਲੋੜ ਉਦੋਂ ਹੀ ਹੋਵੇਗੀ, ਜਦੋਂ ਐੱਫ.ਡੀ.ਏ. ਦੁਆਰਾ 5 ਤੋਂ 11 ਸਾਲ ਦੇ ਉਮਰ ਗਰੁੱਪ ਨੂੰ ਟੀਕੇ ਲਈ ਅੰਤਮ ਪ੍ਰਵਾਨਗੀ ਦਿੱਤੀ ਜਾਵੇਗੀ। ਹਾਲਾਂਕਿ ਇਸ ਜ਼ਰੂਰਤ ਤਹਿਤ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਡਾਕਟਰੀ ਛੋਟਾਂ ਦਿੱਤੀਆਂ ਜਾਣਗੀਆਂ।

Share