ਕੈਲੀਫੋਰਨੀਆ ’ਚ ਰਹਿਣ ਵਾਲੇ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਵਾਲੇ ਭਾਰਤੀ-ਅਮਰੀਕੀ ਨੇ ਜੁਰਮ ਕਬੂਲਿਆ

486
Share

ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕੀਤਾ ਹੈ। 31 ਵਰ੍ਹਿਆਂ ਦੇ ਅਨੁਜ ਮਹੇਂਦਰਭਾਈ ਪਟੇਲ ’ਤੇ ਦੋਸ਼ ਹੈ ਕਿ ਉਸ ਨੇ ਬਜ਼ੁਰਗਾਂ ਨੂੰ ਗਿ੍ਰਫ਼ਤਾਰੀ ਦਾ ਡਰ ਦਿਖਾ ਕੇ ਉਨ੍ਹਾਂ ਤੋਂ ਪੰਜ ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ। ਪਟੇਲ ਨੇ ਕਬੂਲ ਕੀਤਾ ਕਿ ਉਸ ਨੇ ਲਗਪਗ 10 ਲੋਕਾਂ ਨਾਲ ਧੋਖਾਧੜੀ ਕੀਤੀ ਹੈ, ਜਿਸ ਵਿਚੋਂ ਜ਼ਿਆਦਾਤਰ ਬਜ਼ੁਰਗ ਸਨ। ਪਟੇਲ ਦੀ ਸਜ਼ਾ ’ਤੇ 28 ਜੂਨ ਨੂੰ ਸੁਣਵਾਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਘੱਟੋ-ਘੱਟ 20 ਸਾਲ ਦੀ ਕੈਦ ਹੋ ਸਕਦੀ ਹੈ।
ਅਪ੍ਰੈਲ 2019 ਤੋਂ ਮਾਰਚ 2020 ਵਿਚਾਲੇ ਪਟੇਲ ਬਜ਼ੁਰਗਾਂ ਨੂੰ ਠੱਗਣ ਵਾਲੀ ਇਕ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਰਿਹਾ। ਸਾਜ਼ਿਸ਼ ਵਿਚ ਸ਼ਾਮਲ ਹੋਰ ਮੈਂਬਰ ਭਾਰਤ ’ਚ ਰਹਿੰਦੇ ਸਨ, ਜਿਹੜੇ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਪੀੜਤਾਂ ਨੂੰ ਫੋਨ ਕਰਕੇ ਧਮਕਾਉਂਦੇ ਸਨ। ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਫ਼ਰਜ਼ੀ ਫੋਨ ਨੰਬਰਾਂ ਦਾ ਇਸਤੇਮਾਲ ਕਰਕੇ ਸਹਿ-ਸਾਜ਼ਿਸ਼ ਕਰਤਾਵਾਂ ਨੇ ਪੀੜਤਾਂ ਨੂੰ ਇਸ ਗੱਲ ਲਈ ਡਰਾਇਆ ਕਿ ਉਨ੍ਹਾਂ ਦੀ ਪਛਾਣ ਜਾਂ ਜਾਇਦਾਦ ’ਤੇ ਸੰਕਟ ਹੈ। ਸਾਜ਼ਿਸ਼ ਕਰਤਾਵਾਂ ਨੇ ਪੀੜਤਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਵਾਰੰਟ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਉਹ ਆਪਣੇ ਬੱਚਤ ਦੇ ਪੈਸੇ ਬੈਂਕ ਤੋਂ ਕਢਵਾਉਣ ਅਤੇ ਡਾਕ ਰਾਹੀਂ ਉਨ੍ਹਾਂ ਕੋਲ ਭੇਜਣ।

Share