ਕੈਲੀਫੋਰਨੀਆ ‘ਚ ਮਿਡਲ ਸਕੂਲ ਦੇ 7 ਵਿਦਿਆਰਥੀ ਓਵਰਡੋਜ਼ ਕਾਰਨ ਹਸਪਤਾਲ ਦਾਖਲ ਕਰਵਾਏ

50
ਕੈਲੀਫੋਰਨੀਆ ਦੇ ਨੂਇਸ ਮਿਡਲ ਸਕੂਲ ਵਿਚ ਪੁੱਜੀ ਮੈਡੀਕਲ ਵੈਨ।

ਸੈਕਰਾਮੈਂਟੋ, 3 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਦੇ ਇਕ ਮਿਡਲ ਸਕੂਲ ਦੇ 7 ਵਿਦਿਆਰਥੀਆਂ ਨੂੰ ਕੋਈ ਸ਼ੱਕੀ ਨਸ਼ੀਲਾ ਪਦਾਰਥ ਵਧ ਮਾਤਰਾ ‘ਚ ਖਾ ਜਾਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਪ੍ਰਗਟਾਵਾ ਲਾਸ ਏਂਜਲਸ ਦੇ ਅੱਗ ਬੁਝਾਊ ਵਿਭਾਗ ਨੇ ਜਾਰੀ ਇਕ ਬਿਆਨ ‘ਚ ਕੀਤਾ ਹੈ। ਲਾਸ ਏਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵਿਦਿਆਰਥੀਆਂ ਨੇ ਕਿਹੜਾ ਨਸ਼ੀਲਾ ਪਦਾਰਥ ਖਾਧਾ ਸੀ। ਸਕੂਲ ਡਿਸਟ੍ਰਿਕਟ ਅਨੁਸਾਰ ਨੂਇਸ ਮਿਡਲ ਸਕੂਲ ਦੇ ਕੁਝ ਵਿਦਿਆਰਥੀ ਠੀਕ ਨਾ ਹੋਣ ਦੀ ਸ਼ਿਕਾਇਤ ਮਿਲਣ ‘ਤੇ ਅਧਿਕਾਰੀਆਂ ਨੇ ਤੁਰੰਤ ਮੈਡੀਕਲ ਵੈਨ ਸਕੂਲ ਵਿਚ ਭੇਜੀ। 12 ਤੋਂ 15 ਸਾਲ ਦੇ 10 ਵਿਦਿਆਰਥੀਆਂ ਵੱਲੋਂ ਨਸ਼ੀਲਾ ਪਦਾਰਥ ਖਾਧਾ ਹੋਣ ਦੀ ਜਾਂਚ ਕੀਤੀ ਗਈ, ਜਿਨਾਂ ਵਿਚੋਂ 7 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਸਮੁੱਚੇ ਸਕੂਲ ਦੀ ਤਲਾਸ਼ੀ ਵੀ ਲਈ ਗਈ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਹੋਰ ਕੋਈ ਵਿਦਿਆਰਥੀ ਬਿਮਾਰ ਨਾ ਹੋਵੇ। ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਇਸ ਘਟਨਾ ਦੇ ਬਾਵਜੂਦ ਸਕੂਲ ਸੁਰੱਖਿਅਤ ਹੈ ਇਸ ਨੂੰ ਹਦਾਇਤਾਂ ਅਨੁਸਾਰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।