ਕੈਲੀਫੋਰਨੀਆ ‘ਚ ਮਨਪ੍ਰੀਤ ਘੁੰਮਣ ਦੇ 7 ਸਾਲ ਪਹਿਲਾਂ ਹੋਏ ਕਤਲਕਾਂਡ ਦੀ ਸੁੱਲਝੀ ਗੁੱਥੀ

938
Share

ਸਾਊਥ ਲੇਕ ਟਾਹੋਏ, 13 ਮਈ (ਪੰਜਾਬ ਮੇਲ)- ਐੱਫ.ਬੀ.ਆਈ. ਅਤੇ ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ 7 ਸਾਲ ਪਹਿਲਾਂ ਕਤਲ ਹੋਏ ਪੰਜਾਬੀ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ, 27 ਸਾਲਾ ਮਨਪ੍ਰੀਤ ਸਿੰਘ ਘੁੰਮਣ, ਜੋ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਕਿਸ਼ਨੇਵਲੀ ਦਾ ਵਸਨੀਕ ਸੀ, ਦਾ ਕਤਲ ਕਰ ਦਿੱਤਾ ਗਿਆ ਸੀ। ਮਨਪ੍ਰੀਤ ਕੈਲੀਫੋਰਨੀਆ ਦੇ ਸ਼ਹਿਰ ਸਾਊਥ ਲੇਕ ਟਾਹੋਏ ਦੇ ਇਕ ਸਟੋਰ ‘ਤੇ ਕਲਰਕ ਵਜੋਂ ਕੰਮ ਕਰਦਾ ਸੀ ਤੇ ਇਕ ਅਣਪਛਾਤੇ ਹਮਲਾਵਰ ਨੇ ਉਸ ਨੂੰ 6 ਅਗਸਤ, 2013 ਨੂੰ ਗੋਲੀ ਮਾਰ ਦਿੱਤੀ ਸੀ ਤੇ ਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਕਈ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਅਤੇ ਪੁਲਿਸ ਨੇ ਮਨਪ੍ਰੀਤ ਦੇ ਕਤਲ ਦੇ ਦੋਸ਼ ‘ਚ 34 ਸਾਲਾ ਸੀਨ ਡੋਨੋਹੋਏ ਨੂੰ ਗ੍ਰਿਫਤਾਰ ਕੀਤਾ। ਲਾਸ ਵੇਗਾਸ ‘ਚ ਰਹਿਣ ਵਾਲਾ ਡੋਨੋਹੋਏ ਘਟਨਾ ਸਮੇਂ ਕੈਲੀਫੋਰਨੀਆ ‘ਚ ਸਾਊਥ ਲੇਕ ਟਾਹੋਏ ਸਿਟੀ ‘ਚ ਹੀ ਰਹਿੰਦਾ ਸੀ। ਸਾਊਥ ਲੇਕ ਟਾਹੋਏ ਪੁਲਿਸ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਘਟਨਾ ਵਾਲੇ ਦਿਨ ਇਕ ਅਣਪਛਾਤਾ ਵਿਅਕਤੀ ਆਪਣੇ ਚਿਹਰੇ ਉੱਤੇ ਮਾਸਕ ਪਾ ਕੇ ਯੂ.ਐੱਸ. ਗੈਸ ਸਟੇਸ਼ਨ ਵਿਚ ਦਾਖਲ ਹੋਇਆ ਅਤੇ ਉੱਥੋਂ ਦੇ ਕਰਮਚਾਰੀ ਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਟੋਰ ‘ਚ ਆਏ ਇਕ ਗਾਹਕ ਨੇ ਜਦੋਂ ਮਨਪ੍ਰੀਤ ਸਿੰਘ ਨੂੰ ਖੂਨ ਨਾਲ ਲੱਥਪੱਥ ਪਏ ਫਰਸ਼ ‘ਤੇ ਦੇਖਿਆ, ਤਾਂ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ 1 ਮਿੰਟ ਦੇ ਵਿਚ-ਵਿਚ ਉਥੇ ਪਹੁੰਚ ਗਈ। ਪਰ ਉਦੋਂ ਤੱਕ ਮਨਪ੍ਰੀਤ ਸਿੰਘ ਖਤਮ ਹੋ ਚੁੱਕਾ ਸੀ। ਇਸ ਮਗਰੋਂ ਪੁਲਿਸ ਨੇ ਲੰਬੇ ਸਮੇਂ ਤੱਕ ਜਾਂਚ ਕੀਤੀ ਤੇ ਹੁਣ ਕਾਤਲ ਨੂੰ ਹਿਰਾਸਤ ‘ਚ ਲਿਆ ਗਿਆ।


Share