ਫਰਿਜ਼ਨੋ, 13 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਟੇਟ ਕੈਲੀਫੋਰਨੀਆ ਵਿਚ ਸੋਮਵਾਰ ਨੂੰ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਸੂਬੇ ਵਿਚ ਤੇਜ਼ ਹਵਾਵਾਂ ਕਾਰਨ ਬਿਜਲੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟਿ੍ਰਕ ਨੇ ਸੋਮਵਾਰ ਨੂੰ ਸੈਂਟਰਲ ਅਤੇ ਉੱਤਰੀ ਕੈਲੀਫੋਰਨੀਆ ’ਚ ਲਗਭਗ 25,000 ਗਾਹਕਾਂ ਦੀ ਬਿਜਲੀ ਬੰਦ ਕਰਨੀ ਸ਼ੁਰੂ ਕੀਤੀ ਅਤੇ ਦੱਖਣੀ ਕੈਲੀਫੋਰਨੀਆ ’ਚ ਬਿਜਲੀ ਕੰਪਨੀ ਐਡੀਸਨ ਨੇ ਵੀ ਆਪਣੇ 9,000 ਗਾਹਕਾਂ ਲਈ ਵੀ ਅਜਿਹਾ ਕਰਨ ਦੀ ਚਿਤਾਵਨੀ ਦਿੱਤੀ ਸੀ। ਤੇਜ਼ ਹਵਾਵਾਂ ਨੇ ਦਰੱਖਤਾਂ ਨੂੰ ਉਖਾੜ ਦਿੱਤਾ, ਜਿਸ ਨਾਲ ਬਿਜਲੀ ਦੀਆਂ ਲਾਈਨਾਂ ਡਿੱਗ ਪਈਆਂ
ਅਤੇ ਕਈ ਛੋਟੀਆਂ ਅੱਗਾਂ ਹੋਂਦ ਵਿਚ ਆਈਆਂ, ਜਿਨ੍ਹਾਂ ਨੂੰ ਬੁਝਾਉਣ ਲਈ ਫਾਇਰਫਾਈਟਰਜ਼ ਨੇ ਜੱਦੋ-ਜਹਿਦ ਕੀਤੀ।
ਤੇਜ਼ ਹਵਾਵਾਂ ਕਾਰਨ ਸੈਂਟਾ ਬਾਰਬਰਾ ਦੇ ਪੱਛਮ ਵਿਚ ਅਤੇ ਲਾਸ ਪੈਡਰੇਸ ਨੈਸ਼ਨਲ ਫੌਰੈਸਟ ਵਿਚ ਸ਼ੁਰੂ ਹੋਈ ਅੱਗ ਨੂੰ
ਬੁਝਾਉਣ ਲਈ ਕਾਰਵਾਈ ਕੀਤੀ ਗਈ। ਅੱਗ 70 ਮੀਲ ਪ੍ਰਤੀ ਘੰਟਾ (112 ਕਿਲੋਮੀਟਰ) ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਤੱਕ ਇਹ ਘੱਟੋ-ਘੱਟ 4.5 ਵਰਗ ਮੀਲ (12 ਵਰਗ ਕਿਲੋਮੀਟਰ) ਤੱਕ ਵਧ ਗਈ ਸੀ, ਜਿਸ ਨਾਲ 100 ਘਰਾਂ, ਖੇਤਾਂ ਅਤੇ ਹੋਰ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਸੀ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 200 ਫਾਇਰਫਾਈਟਰ ਅੱਗ ਦੀਆਂ ਲਪਟਾਂ ਨਾਲ ਜੂਝ ਰਹੇ ਸਨ।
ਇਸ ਦੌਰਾਨ, ਫਰਿਜ਼ਨੋ ਵਿਚ ਵੀ ਫਾਇਰਫਾਈਟਰਜ਼ ਨੇ ਇੱਕ ਘਰ ਉੱਤੇ ਦਰੱਖਤ ਡਿੱਗਣ ਤੋਂ ਬਾਅਦ ਘਰ ਵਿਚ ਫਸੇ ਤਿੰਨ ਲੋਕਾਂ ਨੂੰ ਬਚਾਇਆ।