ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ’ਚ ਇੱਕ ਕੋਵਿਡ ਟੀਕਾਕਰਨ ਕਲੀਨਿਕ ਦੇ ਬਾਹਰ ਇੱਕ ਵਿਅਕਤੀ ਦੁਆਰਾ ਆਪਣੀ ਕਾਰ ਨਾਲ ਦੋ ਕਰਮਚਾਰੀਆਂ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਕਲੀਨਿਕ ਐਤਵਾਰ ਨੂੰ ਬੰਦ ਕਰਨਾ ਪਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਾ ਕਲੈਰਿਟਾ ਪੁਲਿਸ ਨੇ ਦੱਸਿਆ ਕਿ ਇਹ ਡਰਾਈਵਰ ਸ਼ਨੀਵਾਰ ਸ਼ਾਮ 4:45 ਵਜੇ ਟੀਕਾਕਰਨ ਸਾਈਟ ’ਤੇ ਪਹੁੰਚਿਆ ਅਤੇ ਬਾਹਰ ਰੱਖੇ ਸਾਈਨ ਬੋਰਡਾਂ ਅਤੇ ਕਰਮਚਾਰੀਆਂ ਨਾਲ ਟਕਰਾਉਣਾ ਸ਼ੁਰੂ ਹੋ ਗਿਆ। ਪੁਲਿਸ ਨੇ ਇਸ ਟੱਕਰ ਨੂੰ ਹਮਲਾ ਦੱਸਿਆ ਅਤੇ ਕਿਹਾ ਕਿ ਕਾਰ ਡਰਾਈਵਰ ਨੇ ਜਾਣਬੁੱਝ ਕੇ ਕਰਮਚਾਰੀਆਂ ਨੂੰ ਟੱਕਰ ਮਾਰੀ। ਟੱਕਰ ਦੌਰਾਨ ਇੱਕ ਕਰਮਚਾਰੀ ਟੀਕਾਕਰਨ ਨਾਲ ਸਬੰਧਿਤ ਸਾਈਨ ਬੋਰਡ ਚੁੱਕ ਰਿਹਾ ਸੀ। ਇਸ ਘਟਨਾ ਵਿਚ ਇੱਕ ਕਰਮਚਾਰੀ ਦੀ ਬਾਂਹ ’ਤੇ ਸੱਟਾਂ ਲੱਗੀਆਂ, ਜਦੋਂਕਿ ਦੂਜੇ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਦੇ ਬਾਅਦ ਪਬਲਿਕ ਹੈਲਥ ਸਥਾਨਕ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੀ ਹੈ ਅਤੇ ਟੀਕਾਕਰਨ ਵਾਲੀ ਜਗ੍ਹਾ ਨੂੰ ਪੁਲਿਸ ਜਾਂਚ ਕਾਰਨ ਬੰਦ ਕੀਤਾ ਗਿਆ ਹੈ। ਇਸ ਹਮਲੇ ਦਾ ਸ਼ੱਕੀ ਵਿਅਕਤੀ ਇੱਕ ਗਰੇ ਰੰਗ ਦੀ ਕਾਰ ਵਿਚ ਭੱਜ ਗਿਆ ਸੀ, ਜਿਸ ਦੀ ਭਾਲ ਜਾਰੀ ਹੈ।