ਕੈਲੀਫੋਰਨੀਆ ’ਚ ਏਸ਼ੀਅਨ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ

144
Share

ਫਰਿਜ਼ਨੋ, 7 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਏਸ਼ੀਅਨ ਮੂਲ ਦੇ ਲੋਕਾਂ ਨੂੰ ਹਿੰਸਕ ਘਟਨਾਵਾਂ ਦਾ ਨਿਸ਼ਾਨਾ ਬਨਾਉਣਾ ਜਾਰੀ ਹੈ। ਇਸਦੀ ਤਾਜ਼ਾ ਘਟਨਾ ਵਿਚ ਕੈਲੀਫੋਰਨੀਆ ’ਚ ਇੱੱਕ ਏਸ਼ੀਅਨ ਮੂਲ ਦੀ ਮਹਿਲਾ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਮਾਮਲੇ ਵਿਚ ਆਪਣੇ ਕੁੱਤਿਆਂ ਨੂੰ ਘੁੰਮਾਉਂਦੀ ਹੋਈ ਇੱਕ ਏਸ਼ੀਆਈ ਔਰਤ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ 64 ਸਾਲਾ ਕੇ ਚੀਹ ਮੈਂਗ ਸ਼ਨੀਵਾਰ ਸਵੇਰੇ 7:30 ਵਜੇ ਦੇ ਕਰੀਬ ਰਿਵਰਸਾਈਡ ਵਿਚ ਆਪਣੇ ਦੋ ਛੋਟੇ ਕੁੱਤਿਆਂ ਨਾਲ ਬਾਹਰ ਸੀ, ਜਿਸ ਦੌਰਾਨ ਉਸ ਨੂੰ ਛੁਰਾ ਮਾਰਿਆ ਗਿਆ। ਇਸ ਛੁਰੇਬਾਜੀ ਕਾਰਨ ਪੀੜਤ ਮਹਿਲਾ ਖੂਨ ਵਗਣ ਕਰਕੇ ਜ਼ਮੀਨ ’ਤੇ ਡਿੱਗ ਪਈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਜ਼ਮੀਨ ’ਤੇ ਪਾਇਆ ਅਤੇ ਮੈਂਗ ਨੂੰ ਇੱਕ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਮੈਂਗ ਦੀ ਇੱਕ ਸ਼ੱਕੀ ਹਮਲਾਵਰ, 23 ਸਾਲਾ ਡਾਰਲੀਨ ਸਟੀਫਨੀ ਮੋਂਤੋਆ ਦੀ ਪੁਲਿਸ ਨੇ ਅਸਥਾਈ ਤੌਰ ’ਤੇ ਪਛਾਣ ਕੀਤੀ ਹੈ। ਉਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਗਿ੍ਰਫਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਡਾਰਲੀਨ ਦੇ ਨਸ਼ੇ ਦੇ ਇਤਿਹਾਸ ਅਤੇ ਉਸਦੀ ਮਾਨਸਿਕ ਸਿਹਤ ਦੇ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਹੱਤਿਆ ਦੇ ਸ਼ੱਕ ਦੇ ਆਧਾਰ ’ਤੇ ਉਸਨੂੰ ਰਾਬਰਟ ਪ੍ਰੇਸਲੇ ਨਜ਼ਰਬੰਦੀ ਕੇਂਦਰ ਵਿਚ ਰੱਖਣ ਦੇ ਨਾਲ, ਉਸ ’ਤੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਅਧੀਨ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਇਸ ਸ਼ੱਕੀ ਮਹਿਲਾ ਡਾਰਲੀਨ ਨੂੰ ਪਹਿਲਾਂ ਵੀ ਹਿੰਸਕ ਵਾਰਦਾਤਾਂ ਦੇ ਸੰਬੰਧ ’ਚ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।

Share