ਕੈਲੀਫੋਰਨੀਆ ‘ਚ ਅਮਰੀਕੀ ਸਮੁੰਦਰੀ ਸੈਨਾ ਦਾ ਹਵਾਈ ਜਹਾਜ਼ ਤਬਾਹ, 5 ਜਵਾਨਾਂ ਦੀ ਮੌਤ

92
Share

* ਜਹਾਜ਼ ‘ਚ ਪ੍ਰਮਾਣੂ ਸਮਗਰੀ ਹੋਣ ਦੀ ਉੱਡੀ ਅਫਵਾਹ ਪਰੰਤੂ ਫੌਜ ਨੇ ਨਕਾਰਿਆ
ਸੈਕਰਾਮੈਂਟੋ, 10 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸਮੁੰਦਰੀ ਸੈਨਾ ਦਾ ਇਕ ਹਵਾਈ ਜਹਾਜ਼ ਦੱਖਣੀ ਕੈਲੀਫੋਰਨੀਆ ਵਿਚ ਤਬਾਹ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ ਸਾਰੇ 5 ਜਵਾਨਾਂ ਦੀ ਮੌਤ ਹੋ ਗਈ। ਮੈਰਾਈਨ ਕਾਰਪਸ ਦੇ ਬੁਲਾਰੇ ਸਪੂਤਨਿਕ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਹਾਦਸੇ ‘ਚ ਜਵਾਨਾਂ ਦੀ ਮੌਤ ਦੀ ਪੁਸ਼ਟੀ ਨਹੀਂ ਕਰ ਸਕਦੇ ਪਰੰਤੂ ਸਥਾਨਕ ਮੀਡੀਆ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ 5 ਜਵਾਨ ਮਾਰੇ ਗਏ ਹਨ। ਬੁਲਾਰੇ ਨੇ ਕਿਹਾ ਕਿ ”ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਐੱਮ.ਵੀ.-22 ਬੀ ਓਸਪਰੇਅ ਜਹਾਜ਼ ਗਲਾਮਿਸ, ਕੈਲੀਫੋਰਨੀਆ ‘ਚ ਤਬਾਹ ਹੋ ਗਿਆ ਹੈ। ਉਸ ਵਿਚ ਪ੍ਰਮਾਣੂ ਸਮੱਗਰੀ ਨਹੀਂ ਸੀ। ਇਸ ਸਮੇਂ ਇਸ ਤੋਂ ਵਧ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ਥਰਡ ਮੈਰਾਈਨ ਏਅਰ ਕਰਾਫਟ ਵਿੰਗ ਨਾਲ ਸਬੰਧਤ ਸੀ, ਜਿਸ ਦਾ ਟਿਕਾਣਾ ਸੈਨ ਡਿਆਗੋ, ਕੈਲੀਫੋਰਨੀਆ ਤੋਂ ਬਾਹਰ ਹੈ। ਨਵਲ ਏਅਰ ਫਸਿਲਟੀ ਐਲ ਸੈਂਟਰੋ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਰਾਸ਼ਟਰੀ ਮਾਰਗ 78 ਤੇ ਗਲਾਮਿਸ ਕਸਬੇ ਨੇੜੇ ਵਾਪਰਿਆ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਜਹਾਜ਼ ‘ਚ ਪ੍ਰਮਾਣੂ ਸਮਗਰੀ ਹੋਣ ਦੇ ਸੰਕੇਤ ਮਿਲੇ ਸੀ ਪਰੰਤੂ ਮੈਰਾਈਨ ਕਾਰਪਸ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਰੱਦ ਕਰ ਦਿੱਤਾ ਹੈ। ਮਿਲੀ ਹੋਰ ਜਾਣਕਾਰੀ ਅਨੁਸਾਰ ਜਹਾਜ਼ ਸਿਖਲਾਈ ਦੌਰਾਨ ਦੁਪਹਿਰ 12.25 ਵਜੇ ਹਾਦਸਾਗ੍ਰਸਤ ਹੋ ਕੇ ਜ਼ਮੀਨ ਉਪਰ ਆ ਡਿੱਗਾ। ਇਥੇ ਜ਼ਿਕਰਯੋਗ ਹੈ ਕਿ ਓਸਪਰੇਅ ਹਾਈਬਰਿਡ ਜਹਾਜ਼ ਹੈ, ਜੋ ਜ਼ਮੀਨ ਤੋਂ ਹਵਾ ‘ਚ ਉਡਾਨ ਭਰ ਸਕਦਾ ਹੈ ਤੇ ਹੈਲੀਕਾਪਟਰ ਵਾਂਗ ਜ਼ਮੀਨ ਉਪਰ ਉਤਰ ਸਕਦਾ ਹੈ ਪਰੰਤੂ ਇਸ ਦੇ ਸੁਰੱਖਿਆ ਰਿਕਾਰਡ ਕਾਰਨ ਇਹ ਆਲੋਚਨਾ ਦਾ ਵਿਸ਼ਾ ਰਿਹਾ ਹੈ।


Share