ਕੈਲੀਫੋਰਨੀਆ: ਘਰ ਵਿੱਚ ਲੱਗੀ ਅੱਗ ਨੇ 3 ਬੱਚਿਆਂ ਸਮੇਤ ਲਈ 5 ਦੀ ਜਾਨ

457
Share

ਫਰਿਜ਼ਨੋ, 1 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਵਿੱਚ ਜਿੱਥੇ ਜੰਗਲੀ ਅੱਗਾਂ ਨੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸਟੇਟ ਵਿੱਚ ਕਈ ਹਾਦਸੇ ਅਜਿਹੇ ਵੀ ਹੋਏ ਹਨ ਜਿੱਥੇ ਘਰੇਲੂ ਅੱਗਾਂ ਨੇ ਵੀ ਲੋਕਾਂ ਦੀ ਜਾਨ ਲਈ ਹੈ। ਅਜਿਹੀ ਹੀ ਇੱਕ ਜਾਨਲੇਵਾ ਘਟਨਾ ਮਰਸੇਡ ਕਾਉਂਟੀ ਦੇ ਡੌਸ ਪਾਲੋਸ ਦੇ ਇੱਕ ਪੇਂਡੂ ਖੇਤਰ ਵਿੱਚ ਵੀਰਵਾਰ ਨੂੰ ਵਾਪਰੀ ਹੈ। ਇਸ ਖੇਤਰ ਵਿਚਲੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਇਸ ਵਿੱਚ ਰਹਿੰਦੇ ਪੰਜ ਲੋਕਾਂ ਦੇ ਪਰਿਵਾਰ ਦੀ ਮੌਤ ਹੋ ਗਈ ਹੈ, ਜਿਸ ਵਿੱਚ 3 ਬੱਚੇ ਵੀ ਸ਼ਾਮਲ ਹਨ। ਮਰਸੇਡ ਕਾਉਂਟੀ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਅੱਗ ਬੁਝਾਊ ਕਰਮਚਾਰੀ ਵੀਰਵਾਰ ਸਵੇਰੇ 5:00 ਵਜੇ ਦੇ ਕਰੀਬ ਬੈਟਨ ਰੋਡ ਅਤੇ ਜੂਲੀਪ ਐਵੇਨਿਊ ਦੇ ਨਜ਼ਦੀਕ ਘਰ ਵਿੱਚ ਅੱਗ ਬੁਝਾਉਣ ਲਈ ਪਹੁੰਚੇ। ਆਪਣੀ ਕਾਰਵਾਈ ਦੌਰਾਨ ਫਾਇਰ ਫਾਈਟਰਜ਼ ਨੂੰ ਘਰ ਦੇ ਅੰਦਰ ਦੋ ਬਾਲਗ ਅਤੇ ਤਿੰਨ ਬੱਚੇ ਮ੍ਰਿਤਕ ਹਾਲਤ ਵਿੱਚ  ਮਿਲੇ।
ਅਧਿਕਾਰੀਆਂ ਦੁਆਰਾ ਮ੍ਰਿਤਕਾਂ  ਦੀ ਪਛਾਣ ਰੂਬੇਨ ਐਂਡਰੇਡ (40), ਜੁਆਨਾ ਯਾਨੇਜ਼(35), ਕ੍ਰਿਸਟੋਫਰ ਐਂਡਰੇਡ (11), ਜੁਡੀਥ ਐਂਡਰੇਡ (4) ਅਤੇ ਹੈਕਟਰ ਐਂਡਰੇਡ (1) ਵਜੋਂ ਕੀਤੀ ਗਈ ਹੈ। ਕੈਲ  ਫਾਇਰ ਅਨੁਸਾਰ ਇਹ ਸੰਭਵ ਤੌਰ ‘ਤੇ ਇੱਕ ਦੁਰਘਟਨਾ ਹੈ। ਕੈਲ ਫਾਇਰ ਵਿਭਾਗ ਨੇ ਇਸ ਘਟਨਾ ਵਿੱਚ ਮ੍ਰਿਤਕ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਹੈ ਅਤੇ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

Share