ਫਰਿਜ਼ਨੋ (ਕੈਲੀਫੋਰਨੀਆ), 2 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ’ਚ ਜਿਥੇ ਜੰਗਲੀ ਅੱਗਾਂ ਨੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸਟੇਟ ’ਚ ਕਈ ਹਾਦਸੇ ਅਜਿਹੇ ਵੀ ਹੋਏ ਹਨ, ਜਿੱਥੇ ਘਰੇਲੂ ਅੱਗਾਂ ਨੇ ਵੀ ਲੋਕਾਂ ਦੀ ਜਾਨ ਲਈ ਹੈ। ਅਜਿਹੀ ਹੀ ਇਕ ਜਾਨਲੇਵਾ ਘਟਨਾ ਮਰਸੇਡ ਕਾਊਂਟੀ ਦੇ ਡੌਸ ਪਾਲੋਸ ਦੇ ਇਕ ਪੇਂਡੂ ਖੇਤਰ ’ਚ ਵੀਰਵਾਰ ਨੂੰ ਵਾਪਰੀ ਹੈ। ਇਸ ਖੇਤਰ ਵਿਚਲੇ ਇਕ ਘਰ ’ਚ ਅੱਗ ਲੱਗਣ ਨਾਲ ਇਸ ’ਚ ਰਹਿੰਦੇ ਪੰਜ ਲੋਕਾਂ ਦੇ ਪਰਿਵਾਰ ਦੀ ਮੌਤ ਹੋ ਗਈ ਹੈ, ਜਿਸ ’ਚ 3 ਬੱਚੇ ਵੀ ਸ਼ਾਮਲ ਹਨ। ਮਰਸੇਡ ਕਾਊਂਟੀ ਦੇ ਪੁਲਸ ਅਧਿਕਾਰੀਆਂ ਅਨੁਸਾਰ ਅੱਗ ਬੁਝਾਊ ਕਰਮਚਾਰੀ ਵੀਰਵਾਰ ਸਵੇਰੇ 5:00 ਵਜੇ ਦੇ ਕਰੀਬ ਬੈਟਨ ਰੋਡ ਅਤੇ ਜੂਲੀਪ ਐਵੇਨਿਊ ਦੇ ਨਜ਼ਦੀਕ ਘਰ ’ਚ ਅੱਗ ਬੁਝਾਉਣ ਲਈ ਪਹੁੰਚੇ।