ਕੈਲੀਫੋਰਨੀਆ ਗਵਰਨਰ ਵੱਲੋਂ ਦਿੱਤੀ ਪਾਬੰਦੀਆਂ ‘ਚ ਢਿੱਲ

878
Share

ਸੈਕਰਾਮੈਂਟੋ, 27 ਮਈ (ਪੰਜਾਬ ਮੇਲ)-ਅਮਰੀਕਾ ਦੇ ਕੁੱਝ ਬਾਕੀ ਸ਼ਹਿਰਾਂ ਵਾਂਗ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀ ਲੌਕਡਾਊਨ ‘ਚ ਢਿੱਲ ਦੇ ਦਿੱਤੀ ਹੈ। ਬਹੁਤ ਸਾਰੇ ਲੋਕ ਪਾਬੰਦੀਆਂ ਹਟਾਉਣ ਤੋਂ ਬਾਅਦ ਆਪਣੇ ਘਰਾਂ ‘ਚੋਂ ਨਿਕਲੇ ਅਤੇ ਉਹ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੇ ਕੰਮਾਂ ਨੂੰ ਗਏ। ਬਹੁਤ ਸਾਰੇ ਸਟੋਰਾਂ ਨੂੰ ਵੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚ ਰੈਸਟੋਰੈਂਟ, ਬਾਰਬਰ ਸ਼ਾਪ ਸਮੇਤ ਕੁੱਝ ਹੋਰ ਵੱਡੇ ਸਟੋਰ ਵੀ ਖੁੱਲ੍ਹ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਿਹਤ ਸਹੂਲਤਾਂ, ਗੈਸ ਸਟੇਸ਼ਨ, ਗਰੋਸਰੀ ਅਤੇ ਘਰਾਂ ਵਿਚ ਵਰਤੇ ਜਾਣ ਵਾਲੇ ਹੋਰ ਸਾਮਾਨ ਦੇ ਸਟੋਰ ਪਹਿਲਾਂ ਹੀ ਖੁੱਲ੍ਹੇ ਸਨ। ਇਸ ਦੌਰਾਨ ਕਾਸਕੋ, ਵਾਲਮਾਰਟ, ਹੋਮ ਡਿਪੂ, ਲੋਅਸ ਆਦਿ ਸਟੋਰ ਵੀ ਪਹਿਲਾਂ ਖੁੱਲ੍ਹੇ ਰਹੇ।
ਗਵਰਨਰ ਗੈਵਿਨ ਨਿਊਸਮ ਵੱਲੋਂ ਜਾਰੀ ਕੀਤੇ ਨਿਰਦੇਸ਼ ਅਨੁਸਾਰ ਧਾਰਮਿਕ ਸਥਾਨਾਂ ਨੂੰ ਵੀ ਜਲਦ ਖੋਲ੍ਹਣ ਦੀ ਇਜਾਜ਼ਤ ਮਿਲ ਰਹੀ ਹੈ। ਪਰ ਧਾਰਮਿਕ ਸਥਾਨਾਂ ‘ਚ ਘੱਟ ਇਕੱਠ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਹੈ। ਕੈਲੀਫੋਰਨੀਆ ਦੇ ਕਸੀਨੋ ਵੀ ਛੇਤੀ ਖੋਲ੍ਹ ਦਿੱਤੇ ਜਾਣਗੇ। ਇਥੋਂ ਦੇ ਸਿੱਖਿਆ ਅਦਾਰੇ ਦੀ ਪੜ੍ਹਾਈ ਆਨਲਾਈਨ ਜਾਰੀ ਰਹੇਗੀ। ਇੰਮੀਗ੍ਰੇਸ਼ਨ ਵਿਭਾਗ ਫੈਡਰਲ ਸਰਕਾਰ ਅਧੀਨ ਆਉਂਦਾ ਹੈ, ਜਿਸ ਕਰਕੇ ਉਸ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਹੈ।
ਗਵਰਨਰ ਗੈਵਿਨ ਨਿਊਸਮ ਵੱਲੋਂ ਬਹੁਤ ਸਾਰੇ ਅਦਾਰੇ ਖੋਲ੍ਹਣ ਦੀ ਤਾਂ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਹਾਲੇ ਵੀ ਅਪੀਲ ਕੀਤੀ ਗਈ ਹੈ ਕਿ ਜਿੰਨਾ ਵੀ ਹੋ ਸਕੇ ਘਰ ਰਿਹਾ ਜਾਵੇ, ਤਾਂ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕੇ। ਗਵਰਨਰ ਨਿਊਸਮ ਨੇ ਕਿਹਾ ਕਿ ਕੁੱਝ ਇਕ ਕਾਉਂਟੀਆਂ ਹੀ ਹਾਲੇ ਪੂਰੀ ਤਰ੍ਹਾਂ ਖੁੱਲ੍ਹੀਆਂ ਨਹੀਂ ਹਨ। ਹਾਲਾਤ ਠੀਕ ਹੋਣ ‘ਤੇ ਉਨ੍ਹਾਂ ਨੂੰ ਵੀ ਜਲਦ ਖੋਲ੍ਹ ਦਿੱਤਾ ਜਾਵੇਗਾ।

Share