ਕੈਲੀਫੋਰਨੀਆ ਅਸੈਂਬਲੀ ‘ਚ ਪਹਿਲੀ ਸਿੱਖ ਔਰਤ ਜਸਮੀਤ ਕੌਰ ਬੈਂਸ ਨੇ ਸਹੁੰ ਚੁੱਕ ਕੇ ਸਿਰਜਿਆ ਨਵਾਂ ਇਤਿਹਾਸ

59

ਸੈਕਰਾਮੈਂਟੋ, 7 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟ੍ਰਿਕ-35 ਤੋਂ ਸਿੱਖ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਨੇ ਚੋਣ ਜਿੱਤ ਕੇ ਅਮਰੀਕਾ ਭਰ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਉਸ ਨੇ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ਭਰ ‘ਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ।
ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮਰੀਕਾ ਵਿਚ ਪਹਿਲੀ ਸਿੱਖ ਔਰਤ ਨੂੰ ਅਸੈਂਬਲੀ ਮੈਂਬਰ ਬਣਦਿਆਂ ਹੋਇਆਂ ਦੇਖਿਆ। ਸਹੁੰ ਚੁੱਕ ਸਮਾਗਮ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ। ਜਮਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ‘ਤੇ ਕੈਲੀਫੋਰਨੀਆ ਕੈਪੀਟਲ ਵਿਚ ਆਪਣਾ ਦਫਤਰ ਅਤੇ ਸਟਾਫ ਮਿਲ ਗਿਆ ਹੈ, ਜਿੱਥੋਂ ਹੁਣ ਜਸਮੀਤ ਕੌਰ ਬੈਂਸ ਅਸੈਂਬਲੀ ਦਾ ਕੋਈ ਵੀ ਕੰਮ ਕਰ ਸਕੇਗੀ।
ਇਸ ਸਮਾਗਮ ਤੋਂ ਬਾਅਦ ਵੱਖਰੇ ਤੌਰ ‘ਤੇ ਸਿੱਖ ਭਾਈਚਾਰੇ ਲਈ ਇਕ ਹੋਰ ਸਮਾਗਮ ਰੱਖਿਆ ਗਿਆ, ਜਿੱਥੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਸਮੀਤ ਕੌਰ ਬੈਂਸ ਨੂੰ ਅਮਰੀਕਾ ਵਿਚ ਪਹਿਲੀ ਸਿੱਖ ਅਸੈਂਬਲੀ ਮੈਂਬਰ ਬਣਨ ‘ਤੇ ਵਧਾਈ ਦਿੱਤੀ।
ਇਥੇ ਇਹ ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਹੋਈਆਂ ਅਸੈਂਬਲੀ ਚੋਣਾਂ ਵਿਚ ਜਸਮੀਤ ਕੌਰ ਬੈਂਸ ਨੇ ਆਪਣੀ ਵਿਰੋਧੀ ਲਟੇਸੀਆ ਪਰੇਜ਼ ਨੂੰ ਭਾਰੀ ਬਹੁਮਤ ਨਾਲ ਹਰਾਇਆ ਸੀ। ਲਟੇਸੀਆ ਪਰੇਜ਼ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿਚ ਸਰਗਰਮ ਸੀ ਅਤੇ ਉਸ ਕੋਲੋਂ ਇਸ ਸੀਟ ‘ਤੇ ਜਿੱਤ ਹਾਸਲ ਕਰਨੀ ਬਹੁਤ ਮੁਸ਼ਕਲ ਸੀ। ਪਰ ਸਥਾਨਕ ਵੋਟਰਾਂ ਨੇ ਡਾ. ਜਸਮੀਤ ਕੌਰ ਬੈਂਸ ਦੀ ਯੋਗਤਾ ਅਤੇ ਕੰਮਾਂ ਨੂੰ ਦੇਖਦਿਆਂ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ।