ਕੈਲੀਫੋਰਨੀਆਂ ਦੇ ਰਿਪਬਲਿਕਨ ਡੇਵਿਡ ਵਲਡੇਹੋ ਨੇ ਦਿੱਤੀ ਟਰੰਪ ਖਿਲਾਫ ਮਹਾਂਦੋਸ਼ ਦੇ ਹੱਕ “ਚ ਵੋਟ 

444
Share

ਫਰਿਜ਼ਨੋ (ਕੈਲੀਫੋਰਨੀਆਂ), 15 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆਂ ਦੇ ਇੱਕ ਰਿਪਬਲਿਕਨ ਸੰਸਦ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਉਲਟ ਜਾ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਂਦੋਸ਼ ਪ੍ਰਸਤਾਵ ਦੇ ਪੱਖ ਵਿੱਚ ਵੋਟ ਦਿੱਤੀ ਹੈ।ਫਰਿਜ਼ਨੋ-ਹੈਨਫੋਰਡ ਦੇ ਨਵੇਂ ਚੁਣੇ ਗਏ ਰਿਪਬਲਿਕਨ ਸੰਸਦ ਡੇਵਿਡ ਵਲਡੇਹੋ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੇ 10 ਰਿਪਬਲਿਕਨ ਸੰਸਦ ਮੈਂਬਰਾਂ ਵਿਚੋਂ ਇੱਕ ਹਨ ਜੋ ਕਿ ਰਾਸ਼ਟਰਪਤੀ ਨੂੰ ਅਹੁਦਾ ਛੱਡਣ ਲਈ ਡੈਮੋਕਰੇਟਸ ਦੀ ਵੋਟਿੰਗ ਵਿੱਚ ਸ਼ਾਮਲ ਹੋਏ ਹਨ। ਸਦਨ ਦੁਆਰਾ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਵਿੱਚ 232 ਤੋਂ 197 ਵੋਟਾਂ ਨਾਲ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕੀਤਾ ਗਿਆ। ਰਿਪਬਲਿਕਨ ਵਲਡੇਹੋ ਅਨੁਸਾਰ ਟਰੰਪ ਬਿਨਾਂ ਕਿਸੇ ਸ਼ੱਕ ਤੋਂ 6 ਜਨਵਰੀ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਪਿੱਛੇ ਸ਼ਾਮਿਲ ਹਨ ,ਜੋ ਕਿ ਇੱਕ ਰਾਸ਼ਟਰਪਤੀ ਲਈ ਨਿੰਦਣਯੋਗ ਗੱਲ ਹੈ। ਇਸਦੇ ਇਲਾਵਾ ਵਲਡੇਹੋ ਨੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਵੀ ਇਸ ਪ੍ਰਕਿਰਿਆ ਵਿੱਚ ਜਲਦਬਾਜ਼ੀ ਕਰਨ ਤੇ ਆਲੋਚਨਾ ਕੀਤੀ ਹੈ। ਵਾਲਾਦਾਓ ਇਸ ਤੋਂ ਪਹਿਲਾਂ ਸਦਨ ਵਿੱਚ ਸੇਵਾ ਨਿਭਾਅ ਚੁੱਕੇ ਹਨ  ਅਤੇ ਹੁਣ 2020 ਵਿੱਚ ਥੋੜੇ ਜਿਹੇ ਫਰਕ ਨਾਲ ਕੈਲੀਫੋਰਨੀਆਂ ਵਿੱਚ ਉਹਨਾਂ ਨੇ ਆਪਣੀ ਸੀਟ ਵਾਪਸ ਜਿੱਤੀ ਹੈ।

Share