ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਨੇ ਆਰਥਿਕ ਸੁਧਾਰ ਲਈ ਬਣਾਈ 4 ਬਿਲੀਅਨ ਡਾਲਰ ਦੇ ਖਰਚੇ ਦੀ ਯੋਜਨਾ 

397
Share

ਫਰਿਜ਼ਨੋ (ਕੈਲੀਫੋਰਨੀਆਂ), 7 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਨੇ ਸੂਬੇ ਵਿੱਚ ਸੁਰੱਖਿਆ ਕਾਰਨਾਂ ਕਰਕੇ ਜ਼ਿਆਦਾਤਰ ਛੋਟੇ ਕਾਰੋਬਾਰਾਂ ਅਤੇ ਹੋਰ ਕੰਮਾਂ ਨੂੰ ਸੀਮਤ ਕਰਨ ਤੋਂ ਬਾਅਦ ਆਰਥਿਕ ਮੱਦਦ ਪ੍ਰਦਾਨ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ 4 ਬਿਲੀਅਨ ਡਾਲਰ ਦੇ ਖਰਚੇ ਦੀ ਯੋਜਨਾ ਬਣਾਈ ਹੈ।ਨਿਊਸਮ ਦੁਆਰਾ ਲਾਗੂ ਕੀਤੀਆਂ ਪਾਬੰਦੀਆਂ ਬੇਸ਼ੱਕ ਵਾਇਰਸ ਨੂੰ ਕਾਬੂ ਕਰਨ ਦੇ ਉਦੇਸ਼ ਲਈ ਸਨ ,ਪਰ ਇਹਨਾਂ ਨਾਲ ਕਾਰੋਬਾਰਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ ।ਰਾਜ ਦੇ ‘ਸਟੇਅ ਐਟ ਹੋਮ’ ਦੇ ਆਦੇਸ਼ਾਂ ਨਾਲ ਜ਼ਿਆਦਾਤਰ ਲੋਕਾਂ ਨੇ ਘਰ ਤੋਂ ਕੰਮ ਕਰਕੇ ਆਪਣੀਆਂ ਨੌਕਰੀਆਂ ਜਾਰੀ ਰੱਖੀਆਂ ਜਦਕਿ ਕਈ ਘੱਟ ਆਮਦਨੀ ਵਾਲੇ ਲੋਕ ਜਿਨ੍ਹਾਂ ਵਿੱਚ ਪ੍ਰਚੂਨ ਅਤੇ ਰੈਸਟੋਰੈਂਟ ਦੇ ਕਰਮਚਾਰੀ ਸ਼ਾਮਲ ਹਨ ,ਉਹ ਆਪਣੀ ਜਿੰਦਗੀ ਲਈ ਸੰਘਰਸ਼ ਕਰ ਰਹੇ ਹਨ।ਅਜਿਹੀਆਂ ਹੀ ਆਰਥਿਕ ਮੰਦੀਆਂ ਦੇ ਮੱਦੇਨਜ਼ਰ  ਨਿਊਸਮ ਸ਼ੁੱਕਰਵਾਰ ਨੂੰ ਆਪਣਾ ਨਵਾਂ ਬਜਟ ਪ੍ਰਸਤਾਵ ਜਾਰੀ ਕਰਨ ਜਾ ਰਿਹਾ ਹੈ,ਜਿਸ ਸੰਬੰਧੀ ਮੰਗਲਵਾਰ ਨੂੰ, ਉਸਨੇ ਨੌਕਰੀ ਪੈਦਾ ਕਰਨ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ 4 ਬਿਲੀਅਨ ਡਾਲਰ ਤੋਂ ਵੱਧ ਵਾਲੇ ਰਾਜ ਦੇ ਖਰਚਿਆਂ ਦੀ ਇੱਕ ਝਲਕ ਪੇਸ਼ ਕੀਤੀ ਹੈ।ਇਸ ਬਜਟ ਦੇ ਤਹਿਤ 1.5 ਬਿਲੀਅਨ ਡਾਲਰ ਤੋਂ ਲੋਕਾਂ ਨੂੰ ਇਲੈਕਟ੍ਰਿਕ ਕਾਰਾਂ ਖਰੀਦਣ ਦੇ ਨਾਲ ਲੋੜੀਂਦੇ ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਕਰਨ ਅਤੇ ਨੌਕਰੀਆਂ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ। ਇਸਦੇ ਇਲਾਵਾ ਛੋਟੇ ਕਾਰੋਬਾਰਾਂ ਨੂੰ 575 ਮਿਲੀਅਨ ਡਾਲਰ ਦੀ ਸਹਾਇਤਾ ਮਿਲੇਗੀ ,ਜਿਸਦੇ ਤਹਿਤ ਛੋਟੇ ਕਾਰੋਬਾਰੀਆਂ ਨੂੰ 25,000 ਡਾਲਰ ਤੱਕ ਦੀ ਗ੍ਰਾਂਟ ਦਿੱਤੀ ਜਾਵੇਗੀ।ਇਸ ਪੈਸੇ ਵਿੱਚ ਛੋਟੇ ਮਿਉਜ਼ੀਅਮ ਅਤੇ ਆਰਟ ਗੈਲਰੀਆਂ ਲਈ 25 ਮਿਲੀਅਨ ਡਾਲਰ ਸ਼ਾਮਲ ਹਨ ਜੋ ਮਹਾਂਮਾਰੀ ਦੇ ਦੌਰਾਨ ਬੰਦ ਹੋਏ ਹਨ।ਇਸਦੇ ਨਾਲ ਹੀ ਜੇਕਰ ਕੁੱਝ ਕਾਰੋਬਾਰ ਵਧੇਰੇ ਕਾਮੇ ਰੱਖਦੇ ਹਨ ਤਾਂ ਉਹਨਾਂ ਨੂੰ ਟੈਕਸ ਵਿੱਚ ਛੋਟ ਵੀ ਮਿਲ ਸਕਦੀ ਹੈ।ਇਸ ਦੀਆਂ ਹੋਰ ਯੋਜਨਾਵਾਂ ਵਿੱਚ ਮਹਾਂਮਾਰੀ ਦੁਆਰਾ ਪ੍ਰਭਾਵਿਤ ਕਾਰੋਬਾਰਾਂ ‘ਤੇ ਲਗਾਈਆਂ ਗਈਆਂ  ਫੀਸਾਂ ਵਿੱੱਚ ਛੋਟ ਦੇਣ ਦੇ ਨਾਲ ਹੋਰ 50 ਮਿਲੀਅਨ ਡਾਲਰ ਵੀ ਸ਼ਾਮਲ ਹੈ ਜੋ ਛੋਟੇ ਕਾਰੋਬਾਰਾਂ ਨੂੰ 100,000 ਤੱਕ ਦੇ ਕਰਜ਼ਿਆਂ ਦੀ ਪੇਸ਼ਕਸ਼ ਕਰੇਗਾ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਤਜਵੀਜ਼ਾਂ, ਜੇ ਮਨਜ਼ੂਰ ਹੋ ਜਾਂਦੀਆਂ ਹਨ ਤਾਂ ਜੁਲਾਈ ਤੱਕ ਲਾਗੂ ਨਹੀਂ ਹੋਣਗੀਆਂ ਪਰ  ਨਿਊਸਮ ਨੇ ਰਾਜ ਦੇ ਸੰਸਦ ਮੈਂਬਰਾਂ ਨੂੰ ਉਸ ਤੋਂ ਪਹਿਲਾਂ ਛੋਟੇ ਕਾਰੋਬਾਰਾਂ ਲਈ 575 ਮਿਲੀਅਨ ਡਾਲਰ ਦੀ ਮਨਜ਼ੂਰੀ ਦੇਣ ਲਈ ਅਪੀਲ ਕੀਤੀ ਹੈ।

Share