-ਜੋਤੀ ਗੌਂਡਕ ਨਾਲ 14 ਕੌਂਸਲਰਾਂ ਨੇ ਵੀ ਸਹੁੰ ਚੁੱਕੀ
ਕੈਲਗਰੀ, 27 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਕੈਲਗਰੀ ਸ਼ਹਿਰ ਦੀ ਪਹਿਲੀ ਪੰਜਾਬੀ ਮੇਅਰ ਜੋਤੀ ਗੌਂਡਕ ਨੇ ਸਹੁੰ ਚੁੱਕਣ ਮਗਰੋਂ ਅਹੁਦਾ ਸੰਭਾਲ ਲਿਆ ਹੈ। ਨਵੀਂ ਮੇਅਰ ਨਾਲ 14 ਕੌਂਸਲਰਾਂ ਨੇ ਵੀ ਸਹੁੰ ਚੁੱਕੀ, ਜਿਨ੍ਹਾਂ ਵਿਚੋਂ 11 ਪਹਿਲੀ ਵਾਰ ਚੁਣੇ ਗਏ ਹਨ। ਕੋਰਟ ਆਫ਼ ਕੁਈਨ ਦੇ ਬੈਂਚ ਜਸਟਿਸ ਜੌਹਨ ਰੂਕ ਨੇ ਮੇਅਰ ਅਤੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਜਦਕਿ ਜੋਤੀ ਦੇ ਪਤੀ ਟੌਡ ਨੇ ਚੇਨ ਆਫ਼ ਔਫਿਸ ਉਨ੍ਹਾਂ ਦੇ ਗਲ ਵਿਚ ਪਾਈ।
ਜੋਤੀ ਗੌਂਡਕ ਨੇ ਕਿਹਾ ਕਿ ਕੈਲਗਰੀ ਸ਼ਹਿਰ ਦੀ ਨਵੀਂ ਕੌਂਸਲ ਦੂਰਦਰਸ਼ਤਾ ਅਤੇ ਹੌਸਲੇ ਨਾਲ ਕੰਮ ਕਰੇਗੀ ਅਤੇ ਸ਼ਹਿਰ ਦੇ ਹਰ ਵਸਨੀਕ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਦਿਆਂ ਨਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਕੌਂਸਲ ਨੂੰ ਹਾਂਪੱਖੀ ਤਰੀਕੇ ਨਾਲ ਅੱਗੇ ਲਿਜਾਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕੈਲਗਰੀ ਵਾਸੀਆਂ ਨੂੰ ਸਾਡੇ ਤੋਂ ਕੀ ਉਮੀਦਾਂ ਹਨ।