ਕੈਲਗਰੀ, 29 ਮਈ (ਪੰਜਾਬ ਮੇਲ)-ਕੋਰੋਨਾਵਾਇਰਸ ਦੇ ਚਲਦਿਆਂ ਪਿਛਲੇ ਕੁਝ ਹਫ਼ਤਿਆਂ ਤੋਂ ਕੈਲਗਰੀ ‘ਚ ਅਪਰਾਧ ਦਰ ਉੱਤੇ ਰੋਕ ਲੱਗੀ ਹੈ ਪਰ ਹੁਣ ਪੁਲਿਸ ਦਾ ਕਹਿਣਾ ਹੈ ਕਿ ਅਲਬਰਟਾ ਰੀ-ਲੌਂਚ ਲਾਗੂ ਹੋਣ ਮਗਰੋਂ ਇਸ ‘ਚ ਤੇਜ਼ੀ ਆਉਣ ਦਾ ਖ਼ਦਸ਼ਾ ਹੈ। ਮਈ ਮਹੀਨੇ ਦੀ ਕੈਲਗਰੀ ਪੁਲਿਸ ਕਮਿਸ਼ਨ ਦੀ ਮੀਟਿੰਗ ਦੌਰਾਨ ਪੁਲਿਸ ਚੀਫ਼ ਮਾਰਕ ਨਉਫੈਲਡ ਨੇ ਦੱਸਿਆ ਕਿ ਰੀ-ਲੌਂਚ ਪ੍ਰੋਗਰਾਮ ਦੇ ਪਹਿਲੇ ਪੜਾਅ ਮਗਰੋਂ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਦਾ ਅਸਰ ਕਿਸ ਤਰ੍ਹਾਂ ਦਾ ਰਿਹਾ ਹੈ ਪਰ ਪਾਬੰਦੀਆਂ ਦਾ ਉਲੰਘਣ ਹੋਣ ਅਤੇ ਸੋਸ਼ਲ ਡਿਸਟੈਂਸਿੰਗ ਸਬੰਧੀ ਸ਼ਿਕਾਇਤਾਂ ਦੀ ਭਰਮਾਰ ਹੋਣ ਦੀ ਸੰਭਾਵਨਾ ਹੈ। ਘਰਾਂ ਵਿਚ ਹੋ ਸਕਣ ਵਾਲੀਆਂ ਬ੍ਰੇਕ-ਐਂਡ-ਐਂਟਰ ਦੀਆਂ ਵਾਰਦਾਤਾਂ ਵਿਚ ਵੀ ਤੇਜ਼ੀ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਘਰਾਂ ਵਿਚੋਂ ਬਾਹਰ ਜਾਣ ਲਈ ਕਾਹਲੇ ਪਏ ਹਨ। ਪੁਲਿਸ ਨੇ ਹੁਣ ਤੱਕ ਸਿਹਤ ਅਧਿਕਾਰੀਆਂ ਦੇ ਹੁਕਮਾਂ ਦਾ ਪਾਲਣ ਨਾ ਕੀਤੇ ਜਾਣ ਸਬੰਧੀ 39 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਗੱਡੀਆਂ ਦੀ ਚੋਰੀ ਦੇ ਮਾਮਲਿਆਂ ਵਿਚ 60% ਅਤੇ ਗੱਡੀਆਂ ‘ਚੋਂ ਸਮਾਨ ਚੋਰੀ ਦੇ ਮਾਮਲਿਆਂ ਵਿੱਚ 46% ਦੀ ਕਮੀ ਦਰਜ ਕੀਤੀ ਜਾ ਰਹੀ ਹੈ।