ਕੈਲਗਰੀ ਕੌਮਾਂਤਰੀ ਹਵਾਈ ਅੱਡੇ ‘ਤੇ ਛੇਤੀ ਹੀ ਨਤੀਜੇ ਦੇਣ ਵਾਲੀ ਕੋਰੋਨਾ ਟੈਸਿੰਟਗ ਹੋਵੇਗੀ ਸ਼ੁਰੂ

518
Share

ਮੁਸਾਫ਼ਰਾਂ ਨੂੰ ਹੁਣ 14 ਦਿਨਾਂ ਦੇ ਲੰਮੇ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ

ਕੈਲਗਰੀ, 24 ਅਕਤੂਬਰ (ਪੰਜਾਬ ਮੇਲ)- ਕੈਲਗਰੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨ ਵਾਲੇ ਹਵਾਈ ਮੁਸਾਫ਼ਰਾਂ ਨੂੰ ਹੁਣ 14 ਦਿਨਾਂ ਦੇ ਲੰਮੇ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ। ਕੈਲਗਰੀ ਕੌਮਾਂਤਰੀ ਹਵਾਈ ਅੱਡੇ ਅਤੇ ਕੋਟਸ ਸਰਹੱਦ ਲਾਂਘੇ ‘ਤੇ ਛੇਤੀ ਹੀ ਨਤੀਜੇ ਦੇਣ ਵਾਲੀ ਕੋਰੋਨਾ ਟੈਸਿੰਟਗ ਸ਼ੁਰੂ ਹੋਣ ਜਾ ਰਹੀ ਹੈ। ਇਹ ਟੈਸਟਿੰਗ ਪਾਇਲਟ ਪ੍ਰਾਜਕੈਟ ਦੇ ਤੌਰ ‘ਤੇ ਸ਼ੁਰੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਹ ਪਾਇਲਟ ਪ੍ਰਾਜੈਕਟ ਫੈਡਰਲ ਸਰਕਾਰ ਤੇ ਟ੍ਰੈਵਲ ਇੰਡਸਟਰੀ ਦੀ ਭਾਈਵਾਲੀ ਨਾਲ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਨਵੰਬਰ ‘ਚ ਸ਼ੁਰੂ ਕੀਤਾ ਜਾਣ ਵਾਲਾ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੂਬੇ ‘ਚ ਬਾਹਰੋਂ ਦਾਖ਼ਲ ਹੋਣ ਵਾਲੇ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਬਹੁਤ ਛੋਟਾ ਰਹਿ ਜਾਵੇਗਾ। ਹਾਲਾਂਕਿ, ਰੈਪਿਡ ਟੈਸਟਿੰਗ ਪਾਇਲਟ ਪ੍ਰਾਜੈਕਟ ਸਵੈ-ਇਛੁੱਕ ਹੋਵੇਗਾ ਪਰ ਜੋ ਟੈਸਟ ਨਹੀਂ ਕਰਾਉਣਗੇ ਉਨ੍ਹਾਂ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੋਵੇਗਾ।

ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ‘ਚ ਜਾਣ ਤੋਂ ਪਹਿਲਾਂ ਕੋਵਿਡ-19 ਟੈਸਟ ਕਰਾਉਣ ਦਾ ਬਦਲ ਦਿੱਤਾ ਜਾਵੇਗਾ। ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ ਉਨ੍ਹਾਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਜਾਵੇਗੀ। ਹਾਲਾਂਕਿ, ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਸੂਬਾ ਸਰਕਾਰ ਦਾ ਨਾਲ ਹੀ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਨੈਗੇਟਿਵ ਰਿਪੋਰਟ ਤੋਂ ਬਾਅਦ ਇਕਾਂਤਵਾਸ ਤੋਂ ਛੋਟ ਮਿਲੇਗੀ ਪਰ ਯਾਤਰੀਆਂ ਨੂੰ ਇੱਥੇ ਪਹੁੰਚਣ ਦੇ ਦਿਨ ਤੋਂ 14 ਦਿਨ ਅਲਬਰਟਾ ‘ਚ ਹੀ ਰੁਕਣਾ ਹੋਵੇਗਾ ਅਤੇ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਹੋਵੇਗਾ। ਪੱਕੇ ਕੈਨੇਡੀਅਨ, ਵਿਦੇਸ਼ੀ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਇੱਥੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਜਿਨ੍ਹਾਂ ‘ਚ ਕੋਈ ਲੱਛਣ ਨਹੀਂ ਹੋਣਗੇ, ਸਿਰਫ ਉਨ੍ਹਾਂ ਨੂੰ  ਇਕਾਂਤਵਾਸ ਨਿਯਮਾਂ ‘ਚ ਛੋਟ ਮਿਲੇਗੀ।


Share