ਕੈਪੀਟਲ ਹਿੱਲ ਕੰਪਲੈਕਸ ਹਿੰਸਾ ਤੋਂ ਦੁਖੀ 2 ਮੰਤਰੀਆਂ ਵਲੋਂ ਅਸਤੀਫਾ

492
Share

ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਵਲੋਂ ਕੈਪੀਟਲ ਹਿੱਲ ਕੰਪਲੈਕਸ (ਅਮਰੀਕੀ ਸੰਸਦ) ਵਿਖੇ ਬੀਤੇ ਦਿਨੀਂ ਜੋ ਹਮਲਾ ਕੀਤਾ ਗਿਆ ਸੀ, ਤੋਂ ਦੁਖੀ ਹੋ ਕੇ ਦੋ ਮਹਿਲਾ ਮੰਤਰੀਆਂ ਨੇ ਸ਼ੁੱਕਰਵਾਰ ਅਸਤੀਫੇ ਦੇਣ ਦਾ ਐਲਾਨ ਕੀਤਾ। ਮੰਤਰੀ ਮੰਡਲ ਵਿਚ ਸਿੱਖਿਆ ਮੰਤਰੀ ਬੇਟਸੇ ਦੇਵੋਸ ਅਤੇ ਟਰਾਂਸਪੋਰਟ ਮੰਤਰੀ ਇਲੇਨ ਚਾਓ ਨੇ ਅਸਤੀਫਾ ਦੇ ਦਿੱਤਾ। ਦੇਵੋਸ ਦਾ ਅਸਤੀਫਾ ਸ਼ੁੱਕਰਵਾਰ ਲਾਗੂ ਹੋ ਗਿਆ। ਉਨ੍ਹਾਂ ਕਿਹਾ ਕਿ ਕੈਪੀਟਲ ਹਿੱਲ ਵਿਖੇ ਹਮਲਾ ਮੇਰੇ ਲਈ ਫੈਸਲਾਕੁੰਨ ਰਿਹਾ। ਚਾਓ ਨੇ ਵੀ ਕਿਹਾ ਕਿ ਹਿੰਸਾ ਕਾਰਣ ਮੈਂ ਬਹੁਤ ਦੁਖੀ ਹੋਈ ਹਾਂ। ਮੇਰਾ ਅਸਤੀਫਾ ਸੋਮਵਾਰ ਤੋਂ ਲਾਗੂ ਮੰਨਿਆ ਜਾਵੇਗਾ। ਉੱਤਰੀ ਆਇਰਲੈਂਡ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਚੀਫ ਆਫ ਸਟਾਫ ਮਾਈਕ ਮੁਲਵੇਨੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕੈਪੀਟਲ ਹਿੱਲ ਕੰਪਲੈਕਸ ਵਿਖੇ ਟਰੰਪ ਹਮਾਇਤੀਆਂ ਨੂੰ ਹੰਗਾਮਾ ਕਰਨ ਤੋਂ ਰੋਕਣ ਵਿਚ ਨਾਕਾਮ ਰਹਿਣ ਨੂੰ ਲੈ ਕੇ ਹੋਈ ਆਪਣੀ ਆਲੋਚਨਾ ਪਿੱਛੋਂ ਯੂ.ਐੱਸ. ਕੈਪੀਟਲ ਪੁਲਸ ਮੁਖੀ ਸਟੀਵਨ ਸੰਡ ਨੇ ਵੀ ਐਲਾਨ ਕੀਤਾ ਹੈ ਕਿ ਉਹ ਇਸੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।


Share